ਚੱਲਦੇ ਸ਼ੋਅ ਦੌਰਾਨ ਪੁਲਸ ਨੇ ਬੰਦ ਕੀਤਾ ਸਾਊਂਡ ਸਿਸਟਮ, ਜਸਬੀਰ ਜੱਸੀ ਨੇ ਬਿਨਾਂ ਮਾਈਕ ਗਾ ਕੇ ਜਿੱਤਿਆ ਦਰਸ਼ਕਾਂ ਦਾ ਦਿਲ

ਇਹ ਘਟਨਾ 15 ਨਵੰਬਰ ਨੂੰ ਉਦੈਪੁਰ ਦੇ ਇੱਕ ਪ੍ਰਮੁੱਖ ਮੈਰਿਜ ਪੈਲੇਸ ਵਿੱਚ ਵਾਪਰੀ।
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਜਸਬੀਰ ਸਿੰਘ ਜੱਸੀ ਦੇ ਸ਼ੋਅ ਦੌਰਾਨ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਹੈਰਾਨੀਜਨਕ ਘਟਨਾ ਵਾਪਰੀ, ਜਿਸ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਪਰ ਗਾਇਕ ਦੇ ਹੌਂਸਲੇ ਨੇ ਸਭ ਦਾ ਦਿਲ ਜਿੱਤ ਲਿਆ। ਸਥਾਨਕ ਪੁਲਸ ਨੇ ਦੇਰ ਰਾਤ ਸ਼ੋਰ-ਸ਼ਰਾਬੇ ਅਤੇ ਸਮਾਂ ਸੀਮਾ ਦਾ ਹਵਾਲਾ ਦਿੰਦੇ ਹੋਏ ਚੱਲ ਰਹੇ ਸ਼ੋਅ ਦਾ ਸਾਊਂਡ ਸਿਸਟਮ ਬੰਦ ਕਰਵਾ ਦਿੱਤਾ। ਹਾਲਾਂਕਿ, ਜੱਸੀ ਨੇ ਪ੍ਰਦਰਸ਼ਨ ਰੋਕਣ ਦੀ ਬਜਾਏ, ਸਟੇਜ ਤੋਂ ਹੇਠਾਂ ਉੱਤਰ ਕੇ ਬਿਨਾਂ ਮਾਈਕ ਦੇ ਆਪਣੀ ਅਸਲੀ ਅਤੇ ਮਿੱਠੀ ਆਵਾਜ਼ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਇਹ ਘਟਨਾ 15 ਨਵੰਬਰ ਨੂੰ ਉਦੈਪੁਰ ਦੇ ਇੱਕ ਪ੍ਰਮੁੱਖ ਮੈਰਿਜ ਪੈਲੇਸ ਵਿੱਚ ਵਾਪਰੀ। ਇਹ ਸਮਾਗਮ ਇੱਕ ਅਮੀਰ ਵਪਾਰੀ ਪਰਿਵਾਰ ਦੀ ਧੀ ਦੇ ਵਿਆਹ ਲਈ ਆਯੋਜਿਤ ਕੀਤਾ ਗਿਆ ਸੀ। ਜਸਬੀਰ ਜੱਸੀ ਇਸ ਦੌਰਾਨ 'ਗੁੜ ਨਾਲੋਂ ਇਸ਼ਕ ਮਿੱਠਾ' ਅਤੇ 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਵਰਗੇ ਹਿੱਟ ਗੀਤਾਂ 'ਤੇ ਪੇਸ਼ਕਾਰੀ ਦੇ ਰਹੇ ਸਨ। ਗਾਇਕ ਦੇ ਨਿੱਜੀ ਸਹਾਇਕ (ਪੀਏ) ਨੇ ਪੁਸ਼ਟੀ ਕੀਤੀ ਕਿ ਰਾਤ ਕਰੀਬ 11 ਵਜੇ ਪੁਲਸ ਟੀਮ ਸਮਾਗਮ ਵਾਲੀ ਥਾਂ 'ਤੇ ਪਹੁੰਚੀ ਅਤੇ ਸ਼ੋਰ-ਸ਼ਰਾਬੇ ਦੇ ਨਿਯਮਾਂ ਅਤੇ ਸਮਾਂ ਸੀਮਾ ਦਾ ਹਵਾਲਾ ਦੇ ਕੇ ਤੁਰੰਤ ਸਾਊਂਡ ਸਿਸਟਮ ਬੰਦ ਕਰਵਾਉਣ ਦੇ ਹੁਕਮ ਦਿੱਤੇ।

ਸਾਊਂਡ ਬੰਦ ਹੋਣ ਦੇ ਬਾਵਜੂਦ, ਜੱਸੀ ਗਿੱਲ ਨੇ ਹੌਂਸਲਾ ਨਹੀਂ ਛੱਡਿਆ। ਉਹ ਸਟੇਜ ਤੋਂ ਹੇਠਾਂ ਉੱਤਰ ਆਏ ਅਤੇ ਬਿਨਾਂ ਕਿਸੇ ਇਲੈਕਟ੍ਰਾਨਿਕ ਸਹਾਇਤਾ ਦੇ ਆਪਣੀ ਕੁਦਰਤੀ ਆਵਾਜ਼ ਵਿੱਚ ਗਾਉਂਦੇ ਰਹੇ। ਵਾਇਰਲ ਹੋਈ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਦਰਸ਼ਕਾਂ, ਇੱਥੋਂ ਤੱਕ ਕਿ ਲਾੜਾ-ਲਾੜੀ ਨੇ ਵੀ, ਤਾੜੀਆਂ ਵਜਾ ਕੇ ਅਤੇ ਥਿਰਕ ਕੇ ਉਨ੍ਹਾਂ ਦਾ ਸਾਥ ਦਿੱਤਾ।
ਇੱਕ ਮਹਿਮਾਨ ਨੇ ਜੱਸੀ ਦੀ ਇਸ ਅਸਲੀ ਪੇਸ਼ਕਾਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ "ਜੱਸੀ ਵਰਗੇ ਸਿੰਗਰ ਆਟੋਟਿਊਨ 'ਤੇ ਨਿਰਭਰ ਨਹੀਂ ਹੁੰਦੇ, ਉਨ੍ਹਾਂ ਦੀ ਆਵਾਜ਼ ਵਿੱਚ ਹੀ ਜਾਦੂ ਹੈ"।

ਇਸ ਘਟਨਾ ਤੋਂ ਬਾਅਦ ਜਸਬੀਰ ਜੱਸੀ ਨੇ ਇਸ ਨੂੰ ਬਹੁਤ ਸਕਾਰਾਤਮਕ ਤਰੀਕੇ ਨਾਲ ਲਿਆ ਅਤੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਲਿਖਿਆ: "ਪੁਲਸ ਸਾਡੀ ਸਾਊਂਡ ਬੰਦ ਕਰਾ ਸਕਦੀ ਆ ਪਰ ਰੌਣਕ ਕਿੱਦਾਂ ਬੰਦ ਕਰਾਏਗੀ"। ਸੋਸ਼ਲ ਮੀਡੀਆ 'ਤੇ ਲੱਖਾਂ ਵਾਰ ਦੇਖੇ ਜਾ ਚੁੱਕੇ ਇਸ ਪ੍ਰਦਰਸ਼ਨ ਤੋਂ ਬਾਅਦ ਜੱਸੀ ਦੀ ਪ੍ਰਸਿੱਧੀ ਹੋਰ ਵਧ ਗਈ ਹੈ, ਜਿੱਥੇ ਪ੍ਰਸ਼ੰਸਕਾਂ ਨੇ ਟਿੱਪਣੀ ਕੀਤੀ ਕਿ "ਪੰਜਾਬੀ ਕਿਸੇ ਤੋਂ ਘੱਟ ਨਹੀਂ, ਜੱਸੀ ਨੇ ਬਿਨਾਂ ਮਿਊਜ਼ਿਕ ਦੇ ਵੀ ਸ਼ੋਅ 'ਚ ਰੋਣਕਾਂ ਲਗਾ ਦਿੱਤੀਆਂ"। ਇਸ ਘਟਨਾ ਨੇ ਸੈਰ-ਸਪਾਟੇ ਵਾਲੇ ਸ਼ਹਿਰਾਂ ਵਿੱਚ ਰਾਤ ਦੇ ਸਮਾਗਮਾਂ 'ਤੇ ਲੱਗੇ ਸਮਾਂ ਸੀਮਾ ਨਿਯਮਾਂ ਨੂੰ ਇੱਕ ਵਾਰ ਫਿਰ ਚਰਚਾ ਵਿੱਚ ਲਿਆ ਦਿੱਤਾ ਹੈ।