PRTC ਬੱਸ ਚਲਾਉਂਦੇ ਮੋਬਾਈਲ ‘ਤੇ ਰੀਲਾਂ ਦੇਖਦਾ ਡਰਾਈਵਰ, ਵੀਡੀਓ ਵਾਇਰਲ – ਵਿਭਾਗ ਨੇ ਕੀਤਾ ਸਸਪੈਂਡ

ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਪੀਆਰਟੀਸੀ ਬੱਸ ਦੇ ਡਰਾਈਵਰ ਦੀ ਲਾਪਰਵਾਹੀ ਭਰੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖ ਰਿਹਾ ਹੈ ਕਿ ਡਰਾਈਵਰ ਇੱਕ ਹੱਥ ਨਾਲ ਬੱਸ ਚਲਾ ਰਿਹਾ ਹੈ, ਜਦਕਿ ਦੂਜੇ ਹੱਥ ਨਾਲ ਮੋਬਾਈਲ ‘ਤੇ ਸੋਸ਼ਲ ਮੀਡੀਆ ਦੀਆਂ ਰੀਲਾਂ ਦੇਖ ਰਿਹਾ ਹੈ। ਇਸ ਤੋਂ ਇਲਾਵਾ, ਬੱਸ ਦੇ ਡੈਸ਼ਬੋਰਡ ‘ਤੇ ਚਾਹ ਜਾਂ ਕਾਫੀ ਦਾ ਕੱਪ ਅਤੇ ਕੁਝ ਖਾਣ-ਪੀਣ ਦਾ ਸਮਾਨ ਵੀ ਰੱਖਿਆ ਹੋਇਆ ਹੈ।

ਇਹ ਵੀਡੀਓ ਬੱਸ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਨੇ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਅੱਪਲੋਡ ਕਰ ਦਿੱਤੀ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਈ। ਵੀਡੀਓ ਬਣਾਉਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਇਹ ਬੱਸ ਪੀਆਰਟੀਸੀ ਦੀ ਹੈ, ਜਿਸ ਦਾ ਨੰਬਰ PB03BH 9190 ਹੈ ਅਤੇ ਜੋ ਹਰ ਰੋਜ਼ ਸਵੇਰੇ 4:20 ਵਜੇ ਬਠਿੰਡੇ ਤੋਂ ਚੰਡੀਗੜ੍ਹ ਲਈ ਚੱਲਦੀ ਹੈ।

ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਪੀਆਰਟੀਸੀ ਪ੍ਰਬੰਧਨ ਨੇ ਤੁਰੰਤ ਕਾਰਵਾਈ ਕਰਦਿਆਂ ਡਰਾਈਵਰ ਨੂੰ ਉਸ ਰੂਟ ਤੋਂ ਹਟਾ ਦਿੱਤਾ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀਆਰਟੀਸੀ ਦੇ ਸੁਪਰਡੈਂਟ ਆਕਾਸ਼ ਕੁਮਾਰ ਨੇ ਕਿਹਾ, “ਅਸੀਂ ਇਸ ਡਰਾਈਵਰ ਨੂੰ ਬੱਸ ਦੇ ਰੂਟ ਤੋਂ ਉਤਾਰ ਦਿੱਤਾ ਹੈ ਅਤੇ ਵਿਭਾਗੀ ਕਾਰਵਾਈ ਚਲਾ ਰਹੇ ਹਾਂ। ਕਾਨੂੰਨ ਅਨੁਸਾਰ, ਕੋਈ ਵੀ ਡਰਾਈਵਰ ਚਲਦੀ ਬੱਸ ਵਿੱਚ ਨਾ ਤਾਂ ਕੁਝ ਖਾ-ਪੀ ਸਕਦਾ ਹੈ ਅਤੇ ਨਾ ਹੀ ਮੋਬਾਈਲ ‘ਤੇ ਗੱਲਬਾਤ ਜਾਂ ਵੀਡੀਓ ਦੇਖ ਸਕਦਾ ਹੈ। ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।”