ਜਲੰਧਰ 'ਚ ਡਬਲ ਮਰਡਰ! ਗੈਂਗਸਟਰ ਜੋਗਾ ਫੋਲੜੀਵਾਲ ਨੇ ਲਈ ਕਤਲ ਦੀ ਜ਼ਿੰਮੇਵਾਰੀ, ਸੋਸ਼ਲ ਮੀਡੀਆ 'ਤੇ ਪਾਈ ਪੋਸਟ

ਜਲੰਧਰ ਦੇ ਨਿਊ ਦਸ਼ਮੇਸ਼ ਨਗਰ ਇਲਾਕੇ ਵਿੱਚ ਹੋਏ ਸਨਸਨੀਖੇਜ਼ ਦੋਹਰੇ ਕਤਲ ਕਾਂਡ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਹੈ, ਜਿੱਥੇ ਵਿਦੇਸ਼ ਬੈਠੇ ਗੈਂਗਸਟਰ ਜੋਗਾ ਫੋਲੜੀਵਾਲ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ। ਜੋਗਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਸੌਰਭ ਅਤੇ ਸਿਮਰਨਜੀਤ ਉਰਫ਼ ਪੱਪੂ ਦੀ ਹੱਤਿਆ ਉਸ ਦੇ ਅਤੇ ਉਸ ਦੇ ਗਿਰੋਹ ਵੱਲੋਂ ਕੀਤੀ ਗਈ ਹੈ।
ਜਲੰਧਰ: ਜਲੰਧਰ ਦੇ ਨਿਊ ਦਸ਼ਮੇਸ਼ ਨਗਰ ਇਲਾਕੇ ਵਿੱਚ ਹੋਏ ਸਨਸਨੀਖੇਜ਼ ਦੋਹਰੇ ਕਤਲ ਕਾਂਡ ਵਿੱਚ ਹੁਣ ਇੱਕ ਨਵਾਂ ਮੋੜ ਆਇਆ ਹੈ, ਜਿੱਥੇ ਵਿਦੇਸ਼ ਬੈਠੇ ਗੈਂਗਸਟਰ ਜੋਗਾ ਫੋਲੜੀਵਾਲ ਨੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲਈ ਹੈ। ਜੋਗਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਦਿਆਂ ਦਾਅਵਾ ਕੀਤਾ ਹੈ ਕਿ ਸੌਰਭ ਅਤੇ ਸਿਮਰਨਜੀਤ ਉਰਫ਼ ਪੱਪੂ ਦੀ ਹੱਤਿਆ ਉਸ ਦੇ ਅਤੇ ਉਸ ਦੇ ਗਿਰੋਹ ਵੱਲੋਂ ਕੀਤੀ ਗਈ ਹੈ। 

ਜੇਲ੍ਹ 'ਚ ਹੋਈ ਲੜਾਈ ਦਾ ਲਿਆ ਬਦਲਾ
ਗੈਂਗਸਟਰ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਮ੍ਰਿਤਕਾਂ ਨੇ ਜੇਲ੍ਹ ਵਿੱਚ ਉਨ੍ਹਾਂ ਦੇ ਸਾਥੀ ਸੁਖਮਨ ਬਰਾੜ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਇਹ ਕਤਲ ਉਸੇ ਦਾ ਨਤੀਜਾ ਹੈ। ਉਸ ਨੇ ਅੱਗੇ ਲਿਖਿਆ ਕਿ ਪੱਪੂ ਪਹਿਲਾਂ ਉਨ੍ਹਾਂ ਦਾ ਸਾਥੀ ਸੀ। ਜੋਗਾ ਨੇ ਸੌਰਭ ਦੇ ਹੋਰਾਂ ਸਾਥੀਆਂ ਨੂੰ ਵੀ ਧਮਕੀ ਦਿੱਤੀ ਹੈ ਕਿ ਹੁਣ ਅਗਲੀ ਵਾਰੀ ਉਨ੍ਹਾਂ ਦੀ ਹੈ। ਜਾਣਕਾਰੀ ਅਨੁਸਾਰ, ਇਸ ਕਤਲ ਲਈ ਸੁਪਾਰੀ ਕਿਲਰਾਂ ਨੂੰ ਇੱਕ ਪਿਸਤੌਲ ਅਤੇ 15 ਗੋਲੀਆਂ ਮੁਹੱਈਆ ਕਰਵਾਈਆਂ ਗਈਆਂ ਸਨ।


ਹਸਪਤਾਲ ਜਾਂਦੇ ਸਮੇਂ ਰਸਤੇ 'ਚ ਘੇਰ ਕੇ ਮਾਰੀਆਂ ਗੋਲੀਆਂ
ਪੁਲਸ ਅਨੁਸਾਰ, ਹਮਲਾਵਰਾਂ ਨੇ ਪਹਿਲਾਂ ਹੀ ਯੋਜਨਾ ਬਣਾਈ ਹੋਈ ਸੀ ਅਤੇ ਉਹ ਸਿਮਰਨਜੀਤ ਦੀ ਰੇਕੀ ਕਰ ਰਹੇ ਸਨ। ਜਦੋਂ ਦੋਵੇਂ ਨੌਜਵਾਨ ਹਸਪਤਾਲ ਜਾ ਰਹੇ ਸਨ ਤਾਂ ਰਸਤੇ 'ਚ ਉਨ੍ਹਾਂ 'ਤੇ ਤਾਬੜਤੋੜ ਫਾਇਰਿੰਗ ਕੀਤੀ ਗਈ। ਸਿਮਰਨਜੀਤ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ, ਜਦਕਿ ਸੌਰਭ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਪੁਲਸ ਨੇ ਇਸ ਮਾਮਲੇ ਵਿੱਚ 7 ਨਾਮਜ਼ਦ ਅਤੇ 2 ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ।

ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਜਲੰਧਰ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਲਾਂਕਿ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਚਰਚਾ ਹੈ ਪਰ ਪੁਲਸ ਨੇ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।