ਲੁਧਿਆਣਾ 'ਚ ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ, 5 ਦਿਨਾਂ ਬਾਅਦ FIR ਦਰਜ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ 'ਤੇ ਸਥਾਪਿਤ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਬੇਅਦਬੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਘਟਨਾ ਦੇ ਪੰਜ ਦਿਨਾਂ ਬਾਅਦ ਕਾਰਵਾਈ ਸ਼ੁਰੂ ਕੀਤੀ ਹੈ। ਸਲੇਮ ਟਾਬਰੀ ਪੁਲਿਸ ਨੇ 19 ਜੁਲਾਈ ਨੂੰ ਅਣਪਛਾਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਹੈ।
ਲੁਧਿਆਣਾ: ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ 'ਤੇ ਸਥਾਪਿਤ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਬੇਅਦਬੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਘਟਨਾ ਦੇ ਪੰਜ ਦਿਨਾਂ ਬਾਅਦ ਕਾਰਵਾਈ ਸ਼ੁਰੂ ਕੀਤੀ ਹੈ। ਸਲੇਮ ਟਾਬਰੀ ਪੁਲਿਸ ਨੇ 19 ਜੁਲਾਈ ਨੂੰ ਅਣਪਛਾਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ, ਇਹ ਘਟਨਾ 14 ਜੁਲਾਈ ਨੂੰ ਵਾਪਰੀ ਸੀ, ਜਦੋਂ ਸ਼ਰਾਰਤੀ ਅਨਸਰਾਂ ਨੇ ਮੂਰਤੀ ਦੇ ਆਲੇ-ਦੁਆਲੇ ਲੱਗੇ ਮਜ਼ਬੂਤ ਸੁਰੱਖਿਆ ਸ਼ੀਸ਼ਿਆਂ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ। ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਸਵੇਰੇ ਜਦੋਂ ਮੋਟਾ ਸ਼ੀਸ਼ਾ ਟੁੱਟਿਆ ਹੋਇਆ ਅਤੇ ਉੱਥੇ ਪੱਥਰ ਪਏ ਦੇਖੇ, ਤਾਂ ਇਸ ਵਾਰਦਾਤ ਦਾ ਖੁਲਾਸਾ ਹੋਇਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸ਼ੀਸ਼ਾ ਕਾਫ਼ੀ ਮਜ਼ਬੂਤ ਸੀ, ਜਿਸ ਨੂੰ ਤੋੜਨ ਲਈ ਮੁਲਜ਼ਮਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਕਈ ਵਾਰ ਵਾਰ ਕੀਤੇ ਹੋਣਗੇ।

ਨੈਸ਼ਨਲ ਹਾਈਵੇਅ 'ਤੇ ਲਗਾਇਆ ਸੀ ਜਾਮ
ਘਟਨਾ ਦੀ ਜਾਣਕਾਰੀ ਮਿਲਦੇ ਹੀ 14 ਜੁਲਾਈ ਦੀ ਸਵੇਰ ਨੂੰ ਦਲਿਤ ਸਮਾਜ ਅਤੇ ਵੱਖ-ਵੱਖ ਜਥੇਬੰਦੀਆਂ ਦੇ ਲੋਕ ਵੱਡੀ ਗਿਣਤੀ ਵਿੱਚ ਚੌਕ 'ਤੇ ਇਕੱਠੇ ਹੋ ਗਏ ਸਨ। ਗੁੱਸੇ ਵਿੱਚ ਆਏ ਲੋਕਾਂ ਨੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਧਰਨਾ ਦੇ ਕੇ ਜਾਮ ਲਗਾ ਦਿੱਤਾ ਸੀ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਸਨ। ਪੁਲਿਸ ਪ੍ਰਸ਼ਾਸਨ ਨੂੰ ਸਥਿਤੀ 'ਤੇ ਕਾਬੂ ਪਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ।

ਪੁਲਿਸ ਦੀ ਕਾਰਵਾਈ ਅਤੇ ਬਸਪਾ ਦਾ ਪੱਖ
ਬਹੁਜਨ ਸਮਾਜ ਪਾਰਟੀ (BSP) ਲੁਧਿਆਣਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ (49) ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਇਸ ਘਿਨਾਉਣੇ ਕਾਰੇ ਨਾਲ ਪੂਰੇ ਬਹੁਜਨ ਸਮਾਜ ਦੀਆਂ ਸਮਾਜਿਕ ਅਤੇ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ। ਪੁਲਿਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 298 ਤਹਿਤ ਮਾਮਲਾ ਦਰਜ ਕੀਤਾ ਹੈ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹੈ।

ਸੀਸੀਟੀਵੀ ਫੁਟੇਜ ਰਾਹੀਂ ਮੁਲਜ਼ਮਾਂ ਦੀ ਭਾਲ
ਮਾਮਲੇ ਦੀ ਜਾਂਚ ਏ.ਐੱਸ.ਆਈ. ਸਿੰਘਾਰਾ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਅਧਿਕਾਰੀਆਂ ਅਨੁਸਾਰ, ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜਿਆ ਜਾ ਸਕੇ।