ਪਾਕਿਸਤਾਨ 'ਚ ਨਿਕਾਹ ਕਰਨ ਵਾਲੀ ਕਪੂਰਥਲਾ ਦੀ ਸਰਬਜੀਤ ਕੌਰ ਨੂੰ ਭਾਰਤ ਭੇਜਣ ਦੀ ਮੰਗ, ਮਾਮਲਾ ਪੁੱਜਾ ਲਾਹੌਰ ਹਾਈ ਕੋਰਟ

ਪਟੀਸ਼ਨਕਰਤਾ ਦਾ ਦਾਅਵਾ ਹੈ ਕਿ ਸਰਬਜੀਤ ਕੌਰ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੀ ਹੈ ਅਤੇ ਉਸ ਦਾ ਭਾਰਤ ਵਿੱਚ ਅਪਰਾਧਿਕ ਰਿਕਾਰਡ ਵੀ ਮੌਜੂਦ ਹੈ।
ਭਾਰਤੀ ਧਾਰਮਿਕ ਜੱਥੇ ਨਾਲ ਪਾਕਿਸਤਾਨ ਜਾਣ ਤੋਂ ਬਾਅਦ ਗਾਇਬ ਹੋ ਕੇ ਧਰਮ ਪਰਿਵਰਤਨ ਅਤੇ ਨਿਕਾਹ ਕਰਨ ਵਾਲੀ ਪੰਜਾਬ ਦੇ ਕਪੂਰਥਲਾ ਦੀ ਸਰਬਜੀਤ ਕੌਰ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਪਾਕਿਸਤਾਨ ਪੰਜਾਬ ਅਸੈਂਬਲੀ ਦੇ ਸਾਬਕਾ ਮੈਂਬਰ ਮਹਿੰਦਰ ਪਾਲ ਸਿੰਘ ਨੇ ਲਾਹੌਰ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ, ਜਿਸ ਵਿੱਚ ਮੰਗ ਕੀਤੀ ਗਈ ਹੈ ਕਿ ਸਰਬਜੀਤ ਕੌਰ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਤੁਰੰਤ ਭਾਰਤ ਵਾਪਸ ਭੇਜਿਆ ਜਾਵੇ।

ਪਟੀਸ਼ਨਕਰਤਾ ਦਾ ਦਾਅਵਾ ਹੈ ਕਿ ਸਰਬਜੀਤ ਕੌਰ ਸ਼ੱਕੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਸਕਦੀ ਹੈ ਅਤੇ ਉਸ ਦਾ ਭਾਰਤ ਵਿੱਚ ਅਪਰਾਧਿਕ ਰਿਕਾਰਡ ਵੀ ਮੌਜੂਦ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੀਜ਼ਾ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸ ਦਾ ਪਾਕਿਸਤਾਨ ਵਿੱਚ ਰੁਕਣਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਹੈ। ਸਰਬਜੀਤ ਕੌਰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਲਗਭਗ 2000 ਭਾਰਤੀ ਸਿੱਖ ਸ਼ਰਧਾਲੂਆਂ ਦੇ ਜੱਥੇ ਨਾਲ ਭਾਰਤ ਤੋਂ ਪਾਕਿਸਤਾਨ ਆਈ ਸੀ। ਉਹ ਨਨਕਾਣਾ ਸਾਹਿਬ ਦੇ ਸਿੱਖ ਤੀਰਥ ਯਾਤਰੀਆਂ ਦੇ ਨਾਲ ਪਹੁੰਚੀ ਸੀ। 13 ਨਵੰਬਰ ਨੂੰ ਸਾਰੇ ਸ਼ਰਧਾਲੂ ਭਾਰਤ ਪਰਤ ਗਏ ਪਰ ਸਰਬਜੀਤ ਕੌਰ ਵਾਪਸ ਨਹੀਂ ਆਈ। ਬਾਅਦ ਵਿੱਚ ਪਤਾ ਲੱਗਾ ਕਿ ਨਨਕਾਣਾ ਸਾਹਿਬ ਦੀ ਯਾਤਰਾ ਵਾਲੇ ਦਿਨ ਉਹ ਜੱਥੇ ਤੋਂ ਅਲੱਗ ਹੋ ਕੇ ਸ਼ੇਖੂਪੁਰਾ ਚਲੀ ਗਈ ਸੀ। ਖੋਜਬੀਨ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਸ ਨੇ 4 ਨਵੰਬਰ ਨੂੰ ਸ਼ੇਖੂਪੁਰਾ ਨਿਵਾਸੀ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ। ਨਿਕਾਹ ਤੋਂ ਪਹਿਲਾਂ ਉਸ ਨੇ ਆਪਣਾ ਨਾਮ ਵੀ ਬਦਲ ਲਿਆ ਸੀ।

ਇਸੇ ਦੌਰਾਨ, ਸਰਬਜੀਤ ਕੌਰ ਅਤੇ ਨਾਸਿਰ ਹੁਸੈਨ ਨੇ ਵੀ ਅਦਾਲਤ ਵਿੱਚ ਇੱਕ ਵੱਖਰੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਪੁਲਸ ਉਨ੍ਹਾਂ 'ਤੇ ਆਪਣਾ ਨਿਕਾਹ ਖਤਮ ਕਰਨ ਲਈ ਦਬਾਅ ਪਾ ਰਹੀ ਹੈ। ਸਰਬਜੀਤ ਕੌਰ ਨੇ ਆਪਣੇ ਪੱਖ ਵਿੱਚ ਕਿਹਾ ਕਿ ਉਹ ਤਲਾਕਸ਼ੁਦਾ ਹੈ। ਉਸ ਨੇ ਦੱਸਿਆ ਕਿ ਉਹ ਪਿਛਲੇ ਨੌਂ ਸਾਲਾਂ ਤੋਂ ਨਾਸਿਰ ਹੁਸੈਨ ਨੂੰ ਸੋਸ਼ਲ ਮੀਡੀਆ 'ਤੇ ਜਾਣਦੀ ਸੀ ਅਤੇ ਆਪਣੀ ਇੱਛਾ ਅਨੁਸਾਰ ਪਾਕਿਸਤਾਨ ਆ ਕੇ ਉਸ ਨਾਲ ਨਿਕਾਹ ਕੀਤਾ। ਸਰਬਜੀਤ ਕੌਰ ਨੇ ਵੀਜ਼ਾ ਵਧਾਉਣ ਅਤੇ ਪਾਕਿਸਤਾਨੀ ਨਾਗਰਿਕਤਾ ਲਈ ਵੀ ਅਰਜ਼ੀ ਦਿੱਤੀ ਹੈ।ਇਹ ਮਾਮਲਾ ਲਾਹੌਰ ਹਾਈ ਕੋਰਟ ਪਹੁੰਚਣ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਹੋਰ ਵੀ ਗੰਭੀਰ ਬਣ ਗਿਆ ਹੈ।