ਅਦਾਕਾਰਾ ਸੋਨਮ ਬਾਜਵਾ ਤੇ ਫ਼ਿਲਮ 'ਪਿੱਟ ਸਿਆਪਾ' ਦੀ ਟੀਮ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ

ਇਤਿਹਾਸਕ ਮਸਜਿਦ 'ਚ ਸ਼ੂਟਿੰਗ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਲਜ਼ਾਮ
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅੱਜ ਕਿਸੇ ਵੀ ਪਛਾਣ ਦੇ ਮੋਹਤਾਜ਼ ਨਹੀਂ ਹੈ। ਉਸ ਨੇ ਬਹੁਤ ਸਾਰੀਆਂ ਫਿਲਮਾਂ ਪਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ। ਦੱਸ ਦਈਏ ਕਿ ਸੋਨਮ ਬਾਜਵਾ 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਲੱਗੇ ਹਨ।

ਦੱਸਣਯੋਗ ਹੈ ਕਿ ਪੰਜਾਬੀ ਫਿਲਮ 'ਪਿੱਟ ਸਿਆਪਾ' ਦੀ ਹੀਰੋਇਨ ਸੋਨਮ ਬਾਜਵਾ ਅਤੇ ਫਿਲਮ ਦੀ ਸਮੁੱਚੀ ਟੀਮ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਉੱਠੀ ਹੈ। ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਪੁਲਸ ਤੋਂ ਇਹ ਮੰਗ ਕੀਤੀ ਹੈ। ਉਨ੍ਹਾਂ ਨੇ ਫਿਲਮ ਦੇ ਡਾਇਰੈਕਟਰ ਅਤੇ ਟੀਮ ਦੇ ਨਾਲ-ਨਾਲ ਪੁਰਾਤਤਵ ਵਿਭਾਗ ਦੇ ਖ਼ਿਲਾਫ ਵੀ ਮੁਕੱਦਮਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕਰਨ ਅਤੇ ਜੇਲ੍ਹ ਭੇਜਣ ਦੀ ਮੰਗ ਕੀਤੀ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸ਼ਾਹੀ ਇਮਾਮ ਨੇ ਆਰੋਪ ਲਗਾਇਆ ਕਿ ਫਿਲਮ ਦੀ ਸ਼ੂਟਿੰਗ ਦੌਰਾਨ ਸੋਨਮ ਬਾਜਵਾ ਅਤੇ ਉਨ੍ਹਾਂ ਦੀ ਟੀਮ ਨੇ ਸਰਹਿੰਦ ਵਿੱਚ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਵਿੱਚ ਜਾ ਕੇ ਸ਼ੂਟਿੰਗ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਮਸਜਿਦ ਵਿੱਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਇਤਿਹਾਸਿਕ ਮਸਜਿਦ 'ਚ ਸ਼ੂਟਿੰਗ ਕਰਕੇ ਮਸਜਿਦ ਦੀ ਪਵਿੱਤਰਤਾ ਭੰਗ ਕੀਤੀ ਗਈ ਹੈ। ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕੀਤਾ ਗਿਆ ਹੈ ਜਿਸ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ ਅਤੇ ਇਸ ਮਾਮਲੇ ਵਿੱਚ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।

ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਇਹ ਮਸਜਿਦ ਭਗਤ ਸਦਨਾ ਜੀ ਦੇ ਨਾਮ 'ਤੇ ਬਣਾਈ ਗਈ ਹੈ ਅਤੇ ਇਹ ਇਤਿਹਾਸਿਕ ਹੈ। ਉਨ੍ਹਾਂ ਯਾਦ ਕਰਵਾਇਆ ਕਿ ਭਗਤ ਸਦਨਾ ਜੀ ਸਿੱਖ ਅਤੇ ਮੁਸਲਿਮ ਸਮਾਜ ਵਿੱਚ ਬੜੀ ਅਕੀਦੱਤ ਦੇ ਨਾਲ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ, ਭਗਤ ਸਦਨਾ ਜੀ ਦੀ ਬਾਣੀ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਹੈ।

ਫਿਲਮ ਨਿਰਮਾਤਾਵਾਂ 'ਤੇ ਨਿਸ਼ਾਨਾ

ਸ਼ਾਹੀ ਇਮਾਮ ਨੇ ਫਿਲਮ ਨਿਰਮਾਤਾਵਾਂ ਦੀ ਮਾਨਸਿਕਤਾ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਆਏ ਦਿਨ ਧਰਮ ਦੀ ਆਸਥਾ ਦੇ ਨਾਲ ਖਿਲਵਾੜ ਕਰਨਾ ਅਫਸੋਸਨਾਕ ਹੈ, ਅਤੇ ਇਸ 'ਤੇ ਕਾਨੂੰਨ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਫਿਲਮ ਬਣਾਉਣ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਫਿਲਮਾਂ ਸਮਾਜ ਨੂੰ ਸੁਨੇਹਾ ਦਿੰਦੀਆਂ ਸਨ ਪਰ ਅੱਜ ਦੇ ਫਿਲਮ ਨਿਰਮਾਤਾ ਸਮਾਜ ਸੁਧਾਰ ਦੀ ਬਜਾਏ ਪੈਸੇ ਕਮਾਉਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਫਿਲਮ ਦੀ ਹੀਰੋਇਨ ਅਤੇ ਪ੍ਰੋਡਿਊਸਰ ਸਮਝਦਾਰ ਹੁੰਦੇ ਤਾਂ ਉਹ ਕਦੇ ਵੀ ਮਸਜਿਦ ਵਿੱਚ ਸ਼ੂਟਿੰਗ ਨਾ ਕਰਦੇ।