ਦਿੱਲੀ-ਐੱਨ.ਸੀ.ਆਰ. 'ਚ ਭਾਰੀ ਮੀਂਹ: ਹਵਾਈ ਉਡਾਣਾਂ ਦਾ ਸ਼ਡਿਊਲ ਵਿਗੜਿਆ, ਯਾਤਰੀਆਂ ਲਈ 'ਆਰੇਂਜ ਅਲਰਟ' ਜਾਰੀ

ਦਿੱਲੀ-ਐੱਨ.ਸੀ.ਆਰ. ਵਿੱਚ ਹੋਈ ਮੂਸਲਾਧਾਰ ਬਾਰਿਸ਼ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਮੌਸਮ ਦਾ ਸਿੱਧਾ ਅਸਰ ਹਵਾਈ ਆਵਾਜਾਈ 'ਤੇ ਵੀ ਪਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਵੱਲੋਂ ਰਾਜਧਾਨੀ ਲਈ 'ਆਰੇਂਜ ਅਲਰਟ' ਜਾਰੀ ਕੀਤੇ ਜਾਣ ਤੋਂ ਬਾਅਦ ਦੇਸ਼ ਦੀਆਂ ਪ੍ਰਮੁੱਖ ਏਅਰਲਾਈਨਜ਼ ਨੇ ਯਾਤਰੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਤੇ ਚਿਤਾਵਨੀ ਜਾਰੀ ਕੀਤੀ ਹੈ।
ਨਵੀਂ ਦਿੱਲੀ : ਦਿੱਲੀ-ਐੱਨ.ਸੀ.ਆਰ. ਵਿੱਚ ਹੋਈ ਮੂਸਲਾਧਾਰ ਬਾਰਿਸ਼ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਅਸਤ-ਵਿਅਸਤ ਕਰ ਦਿੱਤਾ ਹੈ। ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਇਸ ਮੌਸਮ ਦਾ ਸਿੱਧਾ ਅਸਰ ਹਵਾਈ ਆਵਾਜਾਈ 'ਤੇ ਵੀ ਪਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਵੱਲੋਂ ਰਾਜਧਾਨੀ ਲਈ 'ਆਰੇਂਜ ਅਲਰਟ' ਜਾਰੀ ਕੀਤੇ ਜਾਣ ਤੋਂ ਬਾਅਦ ਦੇਸ਼ ਦੀਆਂ ਪ੍ਰਮੁੱਖ ਏਅਰਲਾਈਨਜ਼ ਨੇ ਯਾਤਰੀਆਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼ ਤੇ ਚਿਤਾਵਨੀ ਜਾਰੀ ਕੀਤੀ ਹੈ।

ਉਡਾਣਾਂ ਦੀ ਰਫ਼ਤਾਰ ਹੋਈ ਸੁਸਤ
ਖਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਕਾਰਨ ਹਵਾਈ ਆਵਾਜਾਈ ਦੀ ਰਫ਼ਤਾਰ ਮੱਠੀ ਪੈ ਗਈ ਹੈ, ਜਿਸ ਕਾਰਨ ਏਅਰਲਾਈਨਜ਼ ਨੇ ਸੋਸ਼ਲ ਮੀਡੀਆ ਰਾਹੀਂ ਯਾਤਰੀਆਂ ਨੂੰ ਚੌਕਸ ਕੀਤਾ ਹੈ। ਏਅਰ ਇੰਡੀਆ ਨੇ ਸੂਚਿਤ ਕੀਤਾ ਹੈ ਕਿ ਦਿੱਲੀ ਆਉਣ ਅਤੇ ਜਾਣ ਵਾਲੀਆਂ ਸਾਰੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਕੰਪਨੀ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਉਹ ਘਰੋਂ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਲਾਈਵ ਸਟੇਟਸ ਜ਼ਰੂਰ ਚੈੱਕ ਕਰਨ।

ਇੰਡੀਗੋ ਤੇ ਅਕਾਸਾ ਏਅਰ ਨੇ ਵੀ ਜਾਰੀ ਕੀਤੇ ਨਿਰਦੇਸ਼
ਇਸੇ ਤਰ੍ਹਾਂ, ਇੰਡੀਗੋ ਨੇ ਵੀ ਭਾਰੀ ਬਾਰਿਸ਼ ਕਾਰਨ ਉਡਾਣਾਂ ਦੇ ਸ਼ਡਿਊਲ ਵਿੱਚ ਬਦਲਾਅ ਦੀ ਪੁਸ਼ਟੀ ਕੀਤੀ ਹੈ ਅਤੇ ਯਾਤਰੀਆਂ ਨੂੰ ਏਅਰਲਾਈਨ ਦੀ ਅਧਿਕਾਰਤ ਵੈੱਬਸਾਈਟ ਜਾਂ ਮੋਬਾਈਲ ਐਪ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਦੂਜੇ ਪਾਸੇ, ਅਕਾਸਾ ਏਅਰ ਨੇ ਦੱਸਿਆ ਕਿ ਇਸ ਬਾਰਿਸ਼ ਦਾ ਅਸਰ ਦਿੱਲੀ ਦੇ ਨਾਲ-ਨਾਲ ਮੁੰਬਈ, ਪੁਣੇ ਅਤੇ ਗੋਆ ਦੇ ਉਨ੍ਹਾਂ ਦੇ ਪੂਰੇ ਨੈੱਟਵਰਕ 'ਤੇ ਪਿਆ ਹੈ। ਕੰਪਨੀ ਨੇ ਕਿਹਾ ਹੈ ਕਿ ਕਈ ਉਡਾਣਾਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਯਾਤਰੀਆਂ ਨੂੰ ਧੀਰਜ ਬਣਾਈ ਰੱਖਣ ਦੀ ਅਪੀਲ ਕੀਤੀ ਹੈ।