ਦਿੱਲੀ ਬਲਾਸਟ : ਅਲ-ਫਲਾਹ ਯੂਨੀਵਰਸਿਟੀ 'ਚ ਕੰਮ ਕਰ ਚੁੱਕਿਆ ਇਕ ਹੋਰ ਡਾਕਟਰ ਗ੍ਰਿਫਤਾਰ

ਹਿਰਾਸਤ ਵਿੱਚ ਲਏ ਗਏ ਡਾਕਟਰ ਦੀ ਪਛਾਣ ਅਨੰਤਨਾਗ ਦੇ ਰਹਿਣ ਵਾਲੇ ਡਾਕਟਰ ਰਈਸ ਅਹਿਮਦ ਭੱਟ ਵਜੋਂ ਹੋਈ ਹੈ। 45 ਸਾਲਾ ਡਾ. ਭੱਟ ਨੂੰ ਸ਼ੁੱਕਰਵਾਰ ਦੇਰ ਰਾਤ ਵਾਈਟ ਮੈਡੀਕਲ ਕਾਲਜ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ।
ਦਿੱਲੀ ਧਮਾਕੇ  ਦੇ ਮਾਮਲੇ ਵਿੱਚ ਹਰਿਆਣਾ ਤੋਂ ਬਾਅਦ ਹੁਣ ਪੰਜਾਬ ਦਾ ਕਨੈਕਸ਼ਨ ਵੀ ਜੁੜ ਗਿਆ ਹੈ। ਇੰਟੈਲੀਜੈਂਸ ਬਿਊਰੋ  ਦੇ ਇਨਪੁਟ 'ਤੇ ਕਾਰਵਾਈ ਕਰਦੇ ਹੋਏ, ਪਠਾਨਕੋਟ ਦੇ ਆਰਮੀ ਏਰੀਆ ਮਾਮੂਨ ਕੈਂਟ ਨੇੜੇ ਸਥਿਤ ਇੱਕ ਮੈਡੀਕਲ ਕਾਲਜ ਵਿੱਚ ਕੰਮ ਕਰਨ ਵਾਲੇ ਇੱਕ ਡਾਕਟਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਹਿਰਾਸਤ ਵਿੱਚ ਲਏ ਗਏ ਡਾਕਟਰ ਦੀ ਪਛਾਣ ਅਨੰਤਨਾਗ ਦੇ ਰਹਿਣ ਵਾਲੇ ਡਾਕਟਰ ਰਈਸ ਅਹਿਮਦ ਭੱਟ ਵਜੋਂ ਹੋਈ ਹੈ।
45 ਸਾਲਾ ਡਾ. ਭੱਟ ਨੂੰ ਸ਼ੁੱਕਰਵਾਰ ਦੇਰ ਰਾਤ ਵਾਈਟ ਮੈਡੀਕਲ ਕਾਲਜ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ। ਸੂਤਰਾਂ ਮੁਤਾਬਕ, ਡਾ. ਰਈਸ ਭੱਟ ਦਾ ਦਿੱਲੀ ਧਮਾਕੇ ਦੇ ਮੁੱਖ ਮੁਲਜ਼ਮ ਡਾਕਟਰ ਉਮਰ ਨਾਲ ਵੀ ਸੰਪਰਕ ਸਾਹਮਣੇ ਆਇਆ ਹੈ। ਜਾਂਚ ਏਜੰਸੀਆਂ ਇਸ ਵੇਲੇ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ।

ਜਾਂਚ ਏਜੰਸੀਆਂ ਦੀ ਇਹ ਕਾਰਵਾਈ ਦਿੱਲੀ ਧਮਾਕੇ ਅਤੇ ਹਰਿਆਣਾ ਦੀ ਅਲ-ਫਲਾਹ ਯੂਨੀਵਰਸਿਟੀ ਨਾਲ ਲਿੰਕ ਸਾਹਮਣੇ ਆਉਣ ਤੋਂ ਬਾਅਦ ਹੋਈ ਹੈ। ਡਾ. ਰਈਸ ਭੱਟ ਇਸ ਸਮੇਂ ਵਾਈਟ ਮੈਡੀਕਲ ਕਾਲਜ ਵਿੱਚ ਲੈਪਰੋਸਕੋਪਿਕ ਸਰਜਨ ਵਜੋਂ ਕੰਮ ਕਰਦਾ ਸੀ ਅਤੇ ਪਿਛਲੇ 3 ਸਾਲਾਂ ਤੋਂ ਪੜ੍ਹਾ ਰਿਹਾ ਸੀ। ਖੁਲਾਸਾ ਹੋਇਆ ਹੈ ਕਿ ਉਹ 4 ਸਾਲ ਤੱਕ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ਵਿੱਚ ਵੀ ਪ੍ਰੋਫੈਸਰ ਰਹਿ ਚੁੱਕਾ ਹੈ। ਉਹ ਅਜੇ ਵੀ ਅਲ-ਫਲਾਹ ਯੂਨੀਵਰਸਿਟੀ ਦੇ ਆਪਣੇ ਕਈ ਸਾਥੀਆਂ ਦੇ ਸੰਪਰਕ ਵਿੱਚ ਸੀ।

ਅਲ-ਫਲਾਹ ਯੂਨੀਵਰਸਿਟੀ ਇਸ ਸਮੇਂ ਜਾਂਚ ਏਜੰਸੀਆਂ ਦੇ ਨਿਸ਼ਾਨੇ 'ਤੇ ਹੈ ਕਿਉਂਕਿ ਇੱਥੋਂ ਚਾਰ ਅੱਤਵਾਦੀ ਡਾਕਟਰ ਸਾਹਮਣੇ ਆਏ ਹਨ। ਇਸ ਯੂਨੀਵਰਸਿਟੀ ਵਿੱਚ ਤਾਇਨਾਤ 40% ਡਾਕਟਰ ਕਸ਼ਮੀਰੀ ਹਨ। ਏਜੰਸੀਆਂ ਹੁਣ ਯੂਨੀਵਰਸਿਟੀ ਨਾਲ ਲਿੰਕ ਰੱਖਣ ਵਾਲੇ ਸਾਰੇ ਸਟਾਫ ਤੋਂ ਪੁੱਛਗਿੱਛ ਕਰ ਰਹੀਆਂ ਹਨ।