ਪ੍ਰੇਮੀ ਨਾਲ ਰਹਿਣ ਦੀ ਜ਼ਿੱਦ 'ਤੇ ਅੜੀ ਧੀ, ਪਿਓ ਨੇ ਪੁਲਸ ਸਟੇਸ਼ਨ 'ਚ ਚਾਕੂ ਮਾਰ ਕੇ ਕਰ'ਤਾ ਕਤਲ

ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਆਨਰ ਕਿਲਿੰਗ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਨੇ ਆਪਣੀ 19 ਸਾਲਾ ਧੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ।
ਬਾਂਦਾ : ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਆਨਰ ਕਿਲਿੰਗ ਦੀ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਨੇ ਆਪਣੀ 19 ਸਾਲਾ ਧੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਸ ਸਟੇਸ਼ਨ ਵਿੱਚ ਕੁੜੀ ਦੀ ਕਾਉਂਸਲਿੰਗ ਕੀਤੀ ਜਾ ਰਹੀ ਸੀ।

ਪ੍ਰੇਮੀ ਨਾਲ ਰਹਿਣ ਦੀ ਜ਼ਿੱਦ ਬਣੀ ਮੌਤ ਦਾ ਕਾਰਨ
ਪੁਲਸ ਅਨੁਸਾਰ, ਬਦੌਸਾ ਥਾਣਾ ਖੇਤਰ ਦੀ ਰਹਿਣ ਵਾਲੀ ਇਹ ਮੁਟਿਆਰ ਆਪਣੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨਾਲ ਪ੍ਰੇਮ ਸਬੰਧਾਂ ਵਿੱਚ ਸੀ ਅਤੇ 18 ਮਈ ਨੂੰ ਉਸ ਨਾਲ ਘਰੋਂ ਚਲੀ ਗਈ ਸੀ। ਪੁਲਸ ਨੇ ਲਗਾਤਾਰ ਭਾਲ ਤੋਂ ਬਾਅਦ 12 ਜੂਨ ਨੂੰ ਲੜਕੀ ਨੂੰ ਬਰਾਮਦ ਕੀਤਾ ਸੀ। ਜਦੋਂ ਥਾਣੇ ਵਿੱਚ ਪਰਿਵਾਰ ਅਤੇ ਪੁਲਸ ਦੀ ਮੌਜੂਦਗੀ ਵਿੱਚ ਉਸ ਦੀ ਕਾਉਂਸਲਿੰਗ ਕੀਤੀ ਜਾ ਰਹੀ ਸੀ ਤਾਂ ਲੜਕੀ ਨੇ ਆਪਣੇ ਪ੍ਰੇਮੀ ਨਾਲ ਹੀ ਰਹਿਣ ਦੀ ਜ਼ਿੱਦ ਕੀਤੀ, ਜਿਸ ਕਾਰਨ ਗੁੱਸੇ ਵਿੱਚ ਆਏ ਪਿਤਾ ਨੇ ਉਸ ਦੇ ਪੇਟ ਵਿੱਚ ਚਾਕੂ ਨਾਲ ਵਾਰ ਕਰ ਦਿੱਤਾ।

ਹਸਪਤਾਲ ਲਿਜਾਂਦੇ ਸਮੇਂ ਹੋਈ ਮੌਤ
ਹਮਲੇ ਤੋਂ ਤੁਰੰਤ ਬਾਅਦ ਪੁਲਸ ਨੇ ਗੰਭੀਰ ਜ਼ਖਮੀ ਹਾਲਤ ਵਿੱਚ ਲੜਕੀ ਨੂੰ ਸੀ.ਐਚ.ਸੀ. ਅਤਰਰਾ ਪਹੁੰਚਾਇਆ, ਜਿੱਥੋਂ ਉਸ ਨੂੰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪਿਤਾ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਬਾਂਦਾ ਦੇ ਪੁਲਸ ਸੁਪਰਡੈਂਟ (SP) ਪਲਾਸ਼ ਬੰਸਲ ਨੇ ਮੌਕੇ ਦਾ ਮੁਆਇਨਾ ਕੀਤਾ ਅਤੇ ਦੱਸਿਆ ਕਿ ਮੁਲਜ਼ਮ ਪਿਤਾ ਨੂੰ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਲੜਕੀ ਦੀ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।