ਮਾਲਵੀਆ ਨਗਰ ਦੁਰਘਟਨਾ ਦੌਰਾਨ ਨਹੀਂ ਹੋਇਆ ਸੀ ਸਿਲੰਡਰ ਬਲਾਸਟ, CM ਵੱਲੋਂ ਮੁਆਵਜ਼ੇ ਦਾ ਐਲਾਨ

ਦਿੱਲੀ ਦੇ ਮਾਲਵੀਆ ਨਗਰ ਦੇ ਇੱਕ ਹੋਟਲ ਵਿੱਚ ਵਾਪਰੇ ਭਿਆਨਕ ਅਗਨੀਕਾਂਡ ਦੀ ਜਾਂਚ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਸ ਦੀ ਸ਼ੁਰੂਆਤੀ ਤੇ ਫੋਰੈਂਸਿਕ ਜਾਂਚ ਮੁਤਾਬਕ, ਹੋਟਲ ਦੀ ਅੰਦਰੂਨੀ ਵਾਇਰਿੰਗ 'ਚ ਸ਼ਾਰਟ ਸਰਕਟ ਹੋਣ ਕਾਰਨ ਇਹ ਅੱਗ ਫੈਲੀ ਸੀ।
ਨਵੀਂ ਦਿੱਲੀ : ਦਿੱਲੀ ਦੇ ਮਾਲਵੀਆ ਨਗਰ ਦੇ ਇੱਕ ਹੋਟਲ ਵਿੱਚ ਵਾਪਰੇ ਭਿਆਨਕ ਅਗਨੀਕਾਂਡ ਦੀ ਜਾਂਚ 'ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਦਿੱਲੀ ਪੁਲਸ ਦੀ ਸ਼ੁਰੂਆਤੀ ਤੇ ਫੋਰੈਂਸਿਕ ਜਾਂਚ ਮੁਤਾਬਕ, ਹੋਟਲ ਦੀ ਅੰਦਰੂਨੀ ਵਾਇਰਿੰਗ 'ਚ ਸ਼ਾਰਟ ਸਰਕਟ ਹੋਣ ਕਾਰਨ ਇਹ ਅੱਗ ਫੈਲੀ ਸੀ। ਪਹਿਲਾਂ ਇਹ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਅੱਗ LPG ਸਿਲੰਡਰ ਫਟਣ ਕਾਰਨ ਲੱਗੀ ਹੈ, ਪਰ ਜਾਂਚ 'ਚ ਦੋਵਾਂ ਰਸੋਈਆਂ 'ਚ ਰੱਖੇ ਸਿਲੰਡਰ ਪੂਰੀ ਤਰ੍ਹਾਂ ਸੁਰੱਖਿਅਤ ਪਾਏ ਗਏ ਹਨ। 

ਮੁੱਖ ਮੰਤਰੀ ਵੱਲੋਂ ਸਹਾਇਤਾ ਦਾ ਐਲਾਨ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਾਕਤ ਦੇ ਮੈਕਸ ਹਸਪਤਾਲ ਦਾ ਦੌਰਾ ਕਰਕੇ ਜ਼ਖਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਹਾਦਸੇ 'ਚ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਵਾਰਸਾਂ ਨੂੰ 10 ਲੱਖ ਰੁਪਏ ਅਤੇ ਗੰਭੀਰ ਰੂਪ 'ਚ ਜ਼ਖਮੀਆਂ ਨੂੰ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਸਰਕਾਰ ਮ੍ਰਿਤਕਾਂ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਵੀ ਕਰੇਗੀ। ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ 21 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿੱਚ 12 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

ਇਸ ਘਟਨਾ ਤੋਂ ਬਾਅਦ ਦਿੱਲੀ ਨਗਰ ਨਿਗਮ (MCD) ਅਤੇ ਐੱਨਡੀਐੱਮਸੀ (NDMC) ਹਰਕਤ ਵਿੱਚ ਆ ਗਏ ਹਨ। NDMC ਦੇ ਪ੍ਰਧਾਨ ਕੁਲਜੀਤ ਚਾਹਲ ਨੇ ਫਾਇਰ ਸੇਫਟੀ ਨਿਯਮਾਂ ਦੀ ਸਮੀਖਿਆ ਲਈ ਉੱਚ ਪੱਧਰੀ ਬੈਠਕ ਬੁਲਾਈ ਹੈ। ਹੁਣ ਖਾਨ ਮਾਰਕੀਟ ਅਤੇ ਸੈਂਟਰਲ ਦਿੱਲੀ ਦੇ ਸਾਰੇ ਹੋਟਲਾਂ ਅਤੇ ਰੈਸਟੋਰੈਂਟਾਂ ਦੀ ਸੁਰੱਖਿਆ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ। ਕਾਰਵਾਈ ਦੇ ਡਰੋਂ ਮਾਲਵੀਆ ਨਗਰ ਦੇ ਕਈ ਹੋਟਲ ਮਾਲਕਾਂ ਨੇ ਆਪਣੇ ਬੋਰਡ ਹਟਾ ਦਿੱਤੇ ਹਨ ਅਤੇ ਹੋਟਲਾਂ ਨੂੰ ਤਾਲੇ ਲਗਾ ਦਿੱਤੇ ਹਨ।

ਗੁਆਂਢੀ ਸੂਬਿਆਂ 'ਚ ਵੀ ਅਲਰਟ
ਦਿੱਲੀ ਦੇ ਇਸ ਹਾਦਸੇ ਤੋਂ ਸਬਕ ਲੈਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਵੀ ਪੂਰੇ ਸੂਬੇ 'ਚ ਬਹੁਮੰਜ਼ਿਲਾ ਤੇ ਵਪਾਰਕ ਇਮਾਰਤਾਂ ਦੀ ਫਾਇਰ ਸੇਫਟੀ ਜਾਂਚ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਇਮਾਰਤਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।