ਇਸ ਬੈਂਕ ਦੇ ਗਾਹਕਾਂ 'ਤੇ ਸਾਈਬਰ ਖ਼ਤਰਾ! 1TB ਡੇਟਾ ਲੀਕ ਹੋਣ ਦਾ ਵੱਡਾ ਦਾਅਵਾ

ਦੇਸ਼ ਦੇ ਵੱਡੇ ਸਰਕਾਰੀ ਬੈਂਕਾਂ ਵਿੱਚੋਂ ਇੱਕ, ਬੈਂਕ ਆਫ਼ ਬੜੌਦਾ ਦੇ ਸਰਵਰ ਤੋਂ ਇੱਕ ਵੱਡੇ ਡੇਟਾ ਲੀਕ ਹੋਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੈਂਕ ਦੇ ਸਿਸਟਮ ਵਿੱਚ ਸੰਨ੍ਹ ਲਗਾ ਕੇ ਲਗਭਗ 1TB (ਟੈਰਾਬਾਈਟ) ਡੇਟਾ ਇੰਟਰਨੈੱਟ ਅਤੇ ਡਾਰਕ ਵੈੱਬ 'ਤੇ ਲੀਕ ਕਰ ਦਿੱਤਾ ਗਿਆ ਹੈ। ਜੇਕਰ ਇਹ ਦਾਵਾ ਸੱਚ ਸਾਬਤ ਹੁੰਦਾ ਹੈ, ਤਾਂ ਇਹ ਗਾਹਕਾਂ ਦੀ ਸੁਰੱਖਿਆ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ।
ਨਵੀਂ ਦਿੱਲੀ : ਦੇਸ਼ ਦੇ ਵੱਡੇ ਸਰਕਾਰੀ ਬੈਂਕਾਂ ਵਿੱਚੋਂ ਇੱਕ, ਬੈਂਕ ਆਫ਼ ਬੜੌਦਾ ਦੇ ਸਰਵਰ ਤੋਂ ਇੱਕ ਵੱਡੇ ਡੇਟਾ ਲੀਕ ਹੋਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬੈਂਕ ਦੇ ਸਿਸਟਮ ਵਿੱਚ ਸੰਨ੍ਹ ਲਗਾ ਕੇ ਲਗਭਗ 1TB (ਟੈਰਾਬਾਈਟ) ਡੇਟਾ ਇੰਟਰਨੈੱਟ ਅਤੇ ਡਾਰਕ ਵੈੱਬ 'ਤੇ ਲੀਕ ਕਰ ਦਿੱਤਾ ਗਿਆ ਹੈ। ਜੇਕਰ ਇਹ ਦਾਵਾ ਸੱਚ ਸਾਬਤ ਹੁੰਦਾ ਹੈ, ਤਾਂ ਇਹ ਗਾਹਕਾਂ ਦੀ ਸੁਰੱਖਿਆ ਲਈ ਬਹੁਤ ਖ਼ਤਰਨਾਕ ਹੋ ਸਕਦਾ ਹੈ।

ਕਿਹੜਾ ਡੇਟਾ ਹੋਇਆ ਲੀਕ?
ਰਿਪੋਰਟਾਂ ਅਨੁਸਾਰ, ਲੀਕ ਹੋਏ ਡੇਟਾ ਵਿੱਚ ਗਾਹਕਾਂ ਦੀ ਬਹੁਤ ਸੰਵੇਦਨਸ਼ੀਲ ਜਾਣਕਾਰੀ ਹੋਣ ਦਾ ਦਾਵਾ ਕੀਤਾ ਗਿਆ ਹੈ, ਜਿਸ ਵਿੱਚ ਗਾਹਕਾਂ ਦੇ ਨਾਮ, ਮੋਬਾਈਲ ਨੰਬਰ ਅਤੇ ਈਮੇਲ ਆਈਡੀ, ਆਧਾਰ ਨੰਬਰ ਤੇ ਬੈਂਕ ਖਾਤੇ ਨਾਲ ਜੁੜੀ ਜਾਣਕਾਰੀ, ਨੈੱਟ ਬੈਂਕਿੰਗ ਰਿਕਾਰਡ ਅਤੇ ਲੋਨ (ਕਰਜ਼ੇ) ਨਾਲ ਸਬੰਧਤ ਦਸਤਾਵੇਜ਼, ਕਾਰਪੋਰੇਟ ਬੈਂਕਿੰਗ ਡੇਟਾ ਅਤੇ ਬੈਂਕ ਦੀਆਂ ਕੁਝ ਅੰਦਰੂਨੀ ਫਾਈਲਾਂ ਸ਼ਾਮਲ ਹਨ।

ਹੈਕਰ ਦਾ ਦਾਵਾ ਅਤੇ ਸੋਸ਼ਲ ਮੀਡੀਆ 'ਤੇ ਚਰਚਾ
ਇਹ ਦਾਵਾ ਇੱਕ 'ਥ੍ਰੈਟ ਐਕਟਰ' (ਹੈਕਰ) ਵੱਲੋਂ ਕੀਤਾ ਗਿਆ ਹੈ, ਜਿਸ ਨੇ ਡੇਟਾ ਦੇ ਕੁਝ ਸੈਂਪਲ ਅਤੇ ਡਾਊਨਲੋਡ ਲਿੰਕ ਵੀ ਸਾਂਝੇ ਕੀਤੇ ਹਨ। ਸੋਸ਼ਲ ਮੀਡੀਆ ਪਲੇਟਫਾਰਮ 'X' (ਪਹਿਲਾਂ ਟਵਿੱਟਰ) 'ਤੇ ਸ੍ਰੀਕਾਂਤ ਨਾਮਕ ਇੱਕ ਉਪਭੋਗਤਾ ਨੇ ਇਸ ਡੇਟਾ ਬ੍ਰੀਚ ਦੇ ਸਕ੍ਰੀਨਸ਼ੌਟ ਪੋਸਟ ਕਰਦਿਆਂ ਭਾਰਤੀ ਰਿਜ਼ਰਵ ਬੈਂਕ (RBI) ਅਤੇ ਹੋਰ ਉੱਚ ਅਧਿਕਾਰੀਆਂ ਨੂੰ ਟੈਗ ਕਰਕੇ ਇਸ ਮਾਮਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।

ਬੈਂਕ ਦੀ ਪ੍ਰਤੀਕਿਰਿਆ
ਫਿਲਹਾਲ ਬੈਂਕ ਆਫ਼ ਬੜੌਦਾ ਵੱਲੋਂ ਇਸ ਡੇਟਾ ਲੀਕ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਬੈਂਕ ਦੀ ਵੈੱਬਸਾਈਟ ਜਾਂ ਅਧਿਕਾਰਤ ਪੰਨਿਆਂ 'ਤੇ ਵੀ ਇਸ ਸਬੰਧੀ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਇਹ ਅਜੇ ਸਪੱਸ਼ਟ ਨਹੀਂ ਹੈ ਕਿ ਸਾਂਝਾ ਕੀਤਾ ਗਿਆ ਡੇਟਾ ਅਸਲੀ ਹੈ ਜਾਂ ਨਹੀਂ।

ਗਾਹਕਾਂ ਲਈ ਸਾਵਧਾਨੀਆਂ
ਮਾਹਿਰਾਂ ਅਨੁਸਾਰ, ਇਸ ਡੇਟਾ ਦੀ ਵਰਤੋਂ ਸਾਈਬਰ ਅਪਰਾਧੀ ਫਿਸ਼ਿੰਗ, ਫਰਜ਼ੀ ਕਾਲਾਂ ਅਤੇ KYC ਅਪਡੇਟ ਦੇ ਨਾਮ 'ਤੇ ਧੋਖਾਧੜੀ ਕਰਨ ਲਈ ਕਰ ਸਕਦੇ ਹਨ। ਗਾਹਕਾਂ ਨੂੰ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ:
ਕਿਸੇ ਵੀ ਅਣਜਾਣ ਕਾਲ 'ਤੇ ਆਪਣੀ ਬੈਂਕਿੰਗ ਜਾਣਕਾਰੀ, OTP, UPI ਪਿਨ ਜਾਂ ਪਾਸਵਰਡ ਸਾਂਝਾ ਨਾ ਕਰੋ।
ਆਪਣੇ ਨੈੱਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੇ ਪਾਸਵਰਡ ਤੁਰੰਤ ਬਦਲ ਲਓ।
ਖਾਤੇ ਵਿੱਚ ਟੂ-ਫੈਕਟਰ ਆਥੈਂਟੀਕੇਸ਼ਨ (Two-factor authentication) ਚਾਲੂ ਰੱਖੋ।
ਜੇਕਰ ਕੋਈ ਸ਼ੱਕੀ ਲੈਣ-ਦੇਣ ਦਿਖਾਈ ਦਿੰਦਾ ਹੈ, ਤਾਂ ਤੁਰੰਤ ਬੈਂਕ ਅਤੇ ਸਾਈਬਰ ਹੈਲਪਲਾਈਨ ਨੰਬਰ 1930 'ਤੇ ਸੰਪਰਕ ਕਰੋ।