ਮੱਧ ਪੂਰਬ ਸੰਕਟ ਕਾਰਨ ਕੱਚਾ ਤੇਲ ਹੋਇਆ ਮਹਿੰਗਾ, ਪੈਟਰੋਲ-ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਦਾ ਖ਼ਦਸ਼ਾ

ਮਿਡਲ ਈਸਟ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਮੁੜ ਸ਼ੁਰੂ ਹੋਏ ਹਮਲਿਆਂ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ।
ਨਵੀਂ ਦਿੱਲੀ : ਮਿਡਲ ਈਸਟ ਵਿੱਚ ਈਰਾਨ ਅਤੇ ਅਮਰੀਕਾ ਵਿਚਾਲੇ ਮੁੜ ਸ਼ੁਰੂ ਹੋਏ ਹਮਲਿਆਂ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ। ਇਸ ਤਣਾਅ ਕਾਰਨ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. (LPG) ਦੀਆਂ ਕੀਮਤਾਂ ਵਧ ਸਕਦੀਆਂ ਹਨ, ਜਿਸ ਨਾਲ ਆਮ ਆਦਮੀ ਦੀ ਜੇਬ ਅਤੇ ਰਸੋਈ ਦੇ ਬਜਟ 'ਤੇ ਸਿੱਧਾ ਅਸਰ ਪੈਣ ਦੀ ਸੰਭਾਵਨਾ ਹੈ।

ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ
ਪਿਛਲੇ ਸਿਰਫ਼ ਇੱਕ ਹਫ਼ਤੇ ਦੇ ਅੰਦਰ ਹੀ ਕੱਚੇ ਤੇਲ ਦੀ ਕੀਮਤ 10 ਡਾਲਰ ਪ੍ਰਤੀ ਬੈਰਲ ਤੱਕ ਵਧ ਚੁੱਕੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਬਰੈਂਟ ਕ੍ਰੂਡ ਦੀ ਕੀਮਤ 79 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ, ਜਦਕਿ ਡਬਲਯੂ.ਟੀ.ਆਈ. (WTI) ਕ੍ਰੂਡ ਵੀ 75 ਡਾਲਰ ਤੋਂ ਉੱਪਰ ਪਹੁੰਚ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਹਾਲਾਤ ਜਲਦੀ ਨਾ ਸੁਧਰੇ ਤਾਂ ਇਹ ਕੀਮਤਾਂ 80 ਡਾਲਰ ਦਾ ਅੰਕੜਾ ਵੀ ਪਾਰ ਕਰ ਸਕਦੀਆਂ ਹਨ।

ਸਪਲਾਈ ਪ੍ਰਭਾਵਿਤ ਹੋਣ ਦਾ ਡਰ
ਅਮਰੀਕਾ ਅਤੇ ਈਰਾਨ ਵਿਚਾਲੇ ਜੰਗਬੰਦੀ ਟੁੱਟਣ ਮਗਰੋਂ ਹੋਰਮੁਜ਼ ਖੇਤਰ ਵਿੱਚ ਜਹਾਜ਼ਾਂ 'ਤੇ ਹੋਏ ਹਮਲਿਆਂ ਨੇ ਤੇਲ ਦੀ ਸਪਲਾਈ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਇਸੇ ਡਰ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀ ਖਰੀਦਦਾਰੀ ਤੇਜ਼ ਹੋ ਗਈ ਹੈ, ਜੋ ਕੀਮਤਾਂ ਵਧਣ ਦਾ ਮੁੱਖ ਕਾਰਨ ਬਣੀ ਹੈ।

ਭਾਰਤ 'ਤੇ ਪਵੇਗਾ ਵੱਡਾ ਅਸਰ
ਭਾਰਤ ਆਪਣੀ ਲੋੜ ਦਾ ਲਗਭਗ 85 ਫੀਸਦੀ ਕੱਚਾ ਤੇਲ ਦੂਜੇ ਦੇਸ਼ਾਂ ਤੋਂ ਆਯਾਤ ਕਰਦਾ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵਧੀਆਂ ਕੀਮਤਾਂ ਕਾਰਨ ਦੇਸ਼ ਅੰਦਰ ਤੇਲ ਕੰਪਨੀਆਂ 'ਤੇ ਬੋਝ ਵਧੇਗਾ, ਜਿਸ ਦਾ ਨਤੀਜਾ ਘਰੇਲੂ ਬਾਜ਼ਾਰ ਵਿੱਚ ਕੀਮਤਾਂ ਦੇ ਵਾਧੇ ਵਜੋਂ ਨਿਕਲ ਸਕਦਾ ਹੈ। ਫਿਲਹਾਲ ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਗਲੋਬਲ ਹਾਲਾਤ 'ਤੇ ਨਜ਼ਰ ਰੱਖ ਰਹੀਆਂ ਹਨ ਅਤੇ ਲੋੜ ਪੈਣ 'ਤੇ ਕੀਮਤਾਂ ਦੀ ਸਮੀਖਿਆ ਕਰਕੇ ਵਾਧਾ ਕਰ ਸਕਦੀਆਂ ਹਨ।