ਚੰਡੀਗੜ੍ਹ 'ਚ ਸਫਾਈ ਮੁਹਿੰਮ ਵਿਵਾਦ: ਕੂੜਾ ਸੁੱਟਣ ਵਾਲਿਆਂ ਦੇ ਘਰ ਵਜਾਇਆ ਢੋਲ, ਲਗਾਇਆ ਜੁਰਮਾਨਾ

ਇਸ ਕਾਰਵਾਈ ਦਾ ਉਦੇਸ਼ ਕੂੜਾ ਸੁੱਟਣ ਵਾਲਿਆਂ ਨੂੰ ਸ਼ਰਮਿੰਦਾ ਕਰਨਾ ਸੀ। ਕਰਮਚਾਰੀਆਂ ਨੇ ਲੋਕਾਂ ਨੂੰ ਘਰੋਂ ਬਾਹਰ ਬੁਲਾ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ, ਉਨ੍ਹਾਂ ਦਾ ਕੂੜਾ ਵਾਪਸ ਕੀਤਾ ਅਤੇ ਹਰੇਕ ਵਿਅਕਤੀ 'ਤੇ 13,401 ਦਾ ਜੁਰਮਾਨਾ ਵੀ ਲਗਾਇਆ।
ਚੰਡੀਗੜ੍ਹ ਵਿੱਚ ਸੜਕਾਂ 'ਤੇ ਕੂੜਾ ਸੁੱਟਣ ਵਾਲਿਆਂ ਖਿਲਾਫ ਨਗਰ ਨਿਗਮ ਨੇ ਸੋਮਵਾਰ ਨੂੰ ਇੱਕ ਅਨੋਖੀ ਅਤੇ ਸਖ਼ਤ ਕਾਰਵਾਈ ਕੀਤੀ ਹੈ। ਨਿਗਮ ਕਰਮਚਾਰੀ ਢੋਲਵਜਾਉਣ ਵਾਲਿਆਂ ਨਾਲ ਉਨ੍ਹਾਂ ਲੋਕਾਂ ਦੇ ਘਰ ਪਹੁੰਚੇ ਜਿਨ੍ਹਾਂ ਨੂੰ ਸੜਕ 'ਤੇ ਕੂੜਾ ਸੁੱਟਦੇ ਹੋਏ ਦੇਖਿਆ ਗਿਆ ਸੀ।

ਇਸ ਕਾਰਵਾਈ ਦਾ ਉਦੇਸ਼ ਕੂੜਾ ਸੁੱਟਣ ਵਾਲਿਆਂ ਨੂੰ ਸ਼ਰਮਿੰਦਾ ਕਰਨਾ ਸੀ। ਕਰਮਚਾਰੀਆਂ ਨੇ ਲੋਕਾਂ ਨੂੰ ਘਰੋਂ ਬਾਹਰ ਬੁਲਾ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ, ਉਨ੍ਹਾਂ ਦਾ ਕੂੜਾ ਵਾਪਸ ਕੀਤਾ ਅਤੇ ਹਰੇਕ ਵਿਅਕਤੀ 'ਤੇ 13,401 ਦਾ ਜੁਰਮਾਨਾ ਵੀ ਲਗਾਇਆ। ਨਗਰ ਨਿਗਮ ਦੀ ਇਸ ਤਰ੍ਹਾਂ ਦੀ ਕਾਰਵਾਈ ਪਹਿਲੀ ਵਾਰ ਕੀਤੀ ਗਈ ਹੈ। ਇਹ ਕਾਰਵਾਈ ਮਨੀਮਾਜਰਾ ਦੇ ਵਾਰਡ-5 (ਮੋਰੀ ਗੇਟ) ਅਤੇ ਵਾਰਡ-6 (ਗੋਵਿੰਦਪੁਰਾ) ਵਿੱਚ ਸਵੱਛਤਾ ਇੰਸਪੈਕਟਰ ਦਵਿੰਦਰ ਰੋਹਿੱਲਾ ਨੇ ਕੀਤੀ। ਇਸ ਪੂਰੀ ਘਟਨਾ ਦੀ ਵੀਡੀਓ ਬਣਾਈ ਗਈ ਅਤੇ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ।

ਨਗਰ ਨਿਗਮ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਕੂੜਾ ਸੁੱਟਣ ਦੇ ਵੀਡੀਓ ਸਬੂਤ ਵਜੋਂ ਵਰਤੇ ਜਾਣਗੇ। ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸਾਰੇ ਫੀਲਡ ਕਰਮਚਾਰੀਆਂ ਨੂੰ ਕੂੜੇ ਪ੍ਰਤੀ ਜ਼ੀਰੋ ਟੌਲਰੈਂਸ ਨੀਤੀ ਅਪਣਾਉਣ ਦੇ ਸਖ਼ਤ ਆਦੇਸ਼ ਦਿੱਤੇ ਹਨ। ਕਮਿਸ਼ਨਰ ਨੇ ਕਿਹਾ ਕਿ ਸਵੱਛਤਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਜਾਣਬੁੱਝ ਕੇ ਕੂੜਾ ਫੈਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਚੰਡੀਗੜ੍ਹ ਨੂੰ ਸਾਫ਼ ਰੱਖਣਾ ਇੱਕ ਕਾਨੂੰਨੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ, ਨਿਗਮ ਨੇ ਲੋਕਾਂ ਨੂੰ ਸ਼ਿਕਾਇਤ ਕਰਨ ਲਈ ਕਿਹਾ ਹੈ ਕਿ ਜੇਕਰ ਕੋਈ ਕੂੜਾ ਸੁੱਟਦਾ ਦੇਖਿਆ ਜਾਂਦਾ ਹੈ, ਤਾਂ ਉਸ ਦਾ ਵੀਡੀਓ ਜਾਂ ਫੋਟੋ WhatsApp ਨੰਬਰ 9915762917 'ਤੇ ਭੇਜੀ ਜਾ ਸਕਦੀ ਹੈ।

ਨਗਰ ਨਿਗਮ ਦੇ ਇਸ ਫੈਸਲੇ ਦਾ ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਨੇ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਠੀਕ ਨਹੀਂ ਹੈ। ਬੰਟੀ ਨੇ ਕਿਹਾ ਕਿ ਉਹ ਵੀ ਚਾਹੁੰਦੇ ਹਨ ਕਿ ਸ਼ਹਿਰ ਸੁੰਦਰ ਹੋਵੇ ਪਰ ਇਸ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਬੇਇੱਜ਼ਤ ਕੀਤਾ ਜਾਵੇ। ਉਨ੍ਹਾਂ ਦੀ ਮੰਗ ਹੈ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ, ਅਤੇ ਕਰਮਚਾਰੀਆਂ ਨੂੰ ਜੁਰਮਾਨਾ ਲਗਾਉਣ ਦੀ ਬਜਾਏ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।