ਯੁੱਧ ਨਸ਼ਿਆਂ ਵਿਰੁੱਧ’ ਤਹਿਤ ਲਗਾਤਾਰ ਕਾਰਵਾਈ ਜਾਰੀ: ਜਲੰਧਰ ਦੇ ਅਲੀ ਮੁਹੱਲੇ ਵਿੱਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਜਾਇਦਾਦ ਢਾਹੀ ਗਈ

ਸਿਵਲ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਬਦਨਾਮ ਨਸ਼ਾ ਤਸਕਰ ਖ਼ਿਲਾਫ਼ ਸਾਂਝੀ ਕਾਰਵਾਈ
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜਲੰਧਰ ਵਿੱਚ ਅੱਜ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ, ਜਿਸ ਅਧੀਨ ਜਲੰਧਰ ਨਗਰ ਨਿਗਮ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸਹਿਯੋਗ ਨਾਲ ਅਲੀ ਮੁੱਹਲਾ ਖੇਤਰ ਵਿੱਚ ਬਦਨਾਮ ਨਸ਼ਾ ਤਸਕਰ ਨਾਲ ਸੰਬੰਧਤ ਇੱਕ ਗੈਰ-ਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ ਗਿਆ।

ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਜਲੰਧਰ ਨਗਰ ਨਿਗਮ ਅਤੇ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਾਂਝੀ ਕਾਰਵਾਈ ਨਾਲ ਅਮਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਵਾਸੀ ਮਕਾਨ ਨੰਬਰ WD 204 ਅਲੀ ਮੁੱਹਲਾ ਥਾਣਾ ਡਵੀਜ਼ਨ ਨੰਬਰ 4 ਜਲੰਧਰ  ਦੀ ਗੈਰ-ਕਾਨੂੰਨੀ ਉਸਾਰੀ ਨੂੰ ਢਾਹ ਦਿੱਤਾ ਗਿਆ ਹੈ। ਅਮਰਜੀਤ ਸਿੰਘ ਪੁੱਤਰ ਬਨਾਰਸੀ ਦਾਸ ਮਸ਼ਹੂਰ ਨਸ਼ਾ ਤਸਕਰ ਹੈ — ਜਿਸ ਵਿਰੁੱਧ ਕੁੱਲ 11 ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚੋਂ 10 ਮੁਕੱਦਮੇ NDPS ਐਕਟ ਤਹਿਤ ਦਰਜ ਹਨ।

ਨਸ਼ਿਆਂ ਨਾਲ ਜੁੜੀ ਕੋਈ ਵੀ ਗੈਰ-ਕਾਨੂੰਨੀ ਗਤੀਵਿਧੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਜਿਹੀਆਂ ਕਾਰਵਾਈਆਂ ਅਗਲੇ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ। 

ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਨਾਗਰਿਕਾਂ ਨੂੰ ਅਪੀਲ ਹੈ ਕਿ ਉਹ ਨਸ਼ਿਆਂ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਨੂੰ ਸਰਕਾਰ ਵੱਲੋਂ ਜਾਰੀ ਵਟਸਐਪ ਨੰਬਰ 9779-100-200 ‘ਤੇ ਸਾਂਝੀ ਕਰਨ। ਸੂਚਨਾ ਦੇਣ ਵਾਲੇ ਵਿਅਕਤੀਆਂ ਦੀ ਪੂਰੀ ਗੁਪਤਤਾ ਦਾ ਭਰੋਸਾ ਦਿੱਤਾ ਗਿਆ ਹੈ।