ਅੰਮ੍ਰਿਤਸਰ 'ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰ-ਸਾਊਂਡ ਸਿਸਟਮ 'ਤੇ ਪੂਰਨ ਪਾਬੰਦੀ

ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਰਾਤ ਦੇ ਸਮੇਂ ਲੋਕਾਂ ਦੀ ਸ਼ਾਂਤੀ, ਬਜ਼ੁਰਗਾਂ, ਮਰੀਜ਼ਾਂ ਅਤੇ ਬੱਚਿਆਂ ਦੇ ਆਰਾਮ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਵੇ ਅਤੇ ਉਹ ਆਰਾਮ ਨਾਲ ਸੌ ਸਕਣ।
ਅੰਮ੍ਰਿਤਸਰ ਪੁਲਸ ਕਮਿਸ਼ਨਰੇਟ ਵੱਲੋਂ ਇੱਕ ਅਹਿਮ ਜਨਤਕ ਸੂਚਨਾ ਜਾਰੀ ਕੀਤੀ ਗਈ ਹੈ ਜਿਸ ਵਿੱਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰ ਜਾਂ ਸਾਊਂਡ ਸਿਸਟਮ ਦੀ ਵਰਤੋਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਸ ਨੇ ਇਹ ਫੈਸਲਾ ਮਾਨਯੋਗ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਲਾਗੂ ਕੀਤਾ ਹੈ। ਇਹ ਹੁਕਮ ਕਮਿਸ਼ਨਰੇਟ ਅੰਮ੍ਰਿਤਸਰ ਖੇਤਰ ਵਿੱਚ ਕਿਸੇ ਵੀ ਧਾਰਮਿਕ ਸਥਾਨ, ਧਾਰਮਿਕ ਸਮਾਗਮ ਜਾਂ ਕਿਸੇ ਹੋਰ ਪ੍ਰੋਗਰਾਮ 'ਤੇ ਲਾਗੂ ਹੋਵੇਗਾ।

ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਰਾਤ ਦੇ ਸਮੇਂ ਲੋਕਾਂ ਦੀ ਸ਼ਾਂਤੀ, ਬਜ਼ੁਰਗਾਂ, ਮਰੀਜ਼ਾਂ ਅਤੇ ਬੱਚਿਆਂ ਦੇ ਆਰਾਮ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਪਵੇ ਅਤੇ ਉਹ ਆਰਾਮ ਨਾਲ ਸੌ ਸਕਣ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਕਈ ਵਾਰ ਧਾਰਮਿਕ ਸਮਾਗਮਾਂ, ਤਿਉਹਾਰਾਂ ਜਾਂ ਨਿੱਜੀ ਸਮਾਰੋਹਾਂ ਵਿੱਚ ਦੇਰ ਰਾਤ ਤੱਕ ਉੱਚੀ ਆਵਾਜ਼ ਵਿੱਚ ਸਾਊਂਡ ਸਿਸਟਮ ਚਲਾਏ ਜਾਂਦੇ ਹਨ, ਜਿਸ ਨਾਲ ਆਸਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਗੰਭੀਰ ਪਰੇਸ਼ਾਨੀ ਹੁੰਦੀ ਹੈ।

ਕਮਿਸ਼ਨਰੇਟ ਅੰਮ੍ਰਿਤਸਰ ਦੁਆਰਾ ਧਾਰਾ 163 BNS ਦੇ ਤਹਿਤ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਿਨਾਂ ਕਿਸੇ ਇਜਾਜ਼ਤ ਦੇ ਲਾਊਡਸਪੀਕਰ ਜਾਂ ਆਵਾਜ਼ ਵਾਲੇ ਯੰਤਰ ਦੀ ਵਰਤੋਂ ਦੰਡਯੋਗ ਅਪਰਾਧ ਮੰਨੀ ਜਾਵੇਗੀ। ਪੁਲਸ ਨੇ ਸਾਫ਼ ਕਰ ਦਿੱਤਾ ਹੈ ਕਿ ਇਸ ਪਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਖ਼ਤ ਕਾਰਵਾਈ ਵਿੱਚ ਧੁਨੀ ਉਪਕਰਣਾਂ ਦੀ ਜ਼ਬਤੀ ਅਤੇ ਕਾਨੂੰਨੀ ਕਾਰਵਾਈ ਸ਼ਾਮਲ ਹੋਵੇਗੀ।

ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਅਤੇ 16 ਫਰਵਰੀ 2026 ਤੱਕ ਪ੍ਰਭਾਵੀ ਰਹੇਗਾ। ਇਹ ਪਾਬੰਦੀ ਪੂਰੇ ਅੰਮ੍ਰਿਤਸਰ ਸ਼ਹਿਰ ਅਤੇ ਗ੍ਰਾਮੀਣ ਕਮਿਸ਼ਨਰੇਟ ਖੇਤਰ ਵਿੱਚ ਲਾਗੂ ਹੋਵੇਗੀ। ਅੰਮ੍ਰਿਤਸਰ ਪੁਲਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਿਯਮ ਦੀ ਪਾਲਣਾ ਕਰਨ ਅਤੇ ਸ਼ਾਂਤੀਪੂਰਨ ਤੇ ਵਿਵਸਥਿਤ ਵਾਤਾਵਰਣ ਬਣਾਈ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦੇਣ। ਪੁਲਿਸ ਨੇ ਕਿਹਾ ਕਿ ਇਹ ਕਦਮ ਲੋਕਾਂ ਦੀ ਭਲਾਈ, ਸੁਰੱਖਿਆ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।