ਬਟਾਲਾ ਪੁਲਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ! ਨਾਮੀ ਬਦਮਾਸ਼ ਮਲਕੀਤ ਬਿੱਲਾ ਗੋਲੀ ਲੱਗਣ ਮਗਰੋਂ ਗ੍ਰਿਫ਼ਤਾਰ

ਬਟਾਲਾ ਪੁਲਸ ਨੇ ਫਿਰੌਤੀ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ ਇੱਕ ਖ਼ਤਰਨਾਕ ਬਦਮਾਸ਼ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ਼ ਬਿੱਲਾ ਚਿੱਜੜ (28) ਵਜੋਂ ਹੋਈ ਹੈ, ਜਿਸ ਦੇ ਪੈਰ ਵਿੱਚ ਮੁਕਾਬਲੇ ਦੌਰਾਨ ਗੋਲੀ ਲੱਗੀ ਹੈ। ਮੁਲਜ਼ਮ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਬਟਾਲਾ : ਬਟਾਲਾ ਪੁਲਸ ਨੇ ਫਿਰੌਤੀ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ ਇੱਕ ਖ਼ਤਰਨਾਕ ਬਦਮਾਸ਼ ਨੂੰ ਮੁਕਾਬਲੇ ਤੋਂ ਬਾਅਦ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਮਲਕੀਤ ਸਿੰਘ ਉਰਫ਼ ਬਿੱਲਾ ਚਿੱਜੜ (28) ਵਜੋਂ ਹੋਈ ਹੈ, ਜਿਸ ਦੇ ਪੈਰ ਵਿੱਚ ਮੁਕਾਬਲੇ ਦੌਰਾਨ ਗੋਲੀ ਲੱਗੀ ਹੈ। ਮੁਲਜ਼ਮ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਹਥਿਆਰ ਬਰਾਮਦਗੀ ਦੌਰਾਨ ਕੀਤੀ ਫਾਇਰਿੰਗ  
ਮਿਲੀ ਜਾਣਕਾਰੀ ਅਨੁਸਾਰ, ਪੁਲਸ ਟੀਮ ਮੁਲਜ਼ਮ ਮਲਕੀਤ ਸਿੰਘ ਨੂੰ ਉਸ ਵੱਲੋਂ ਵਰਤੇ ਗਏ ਹਥਿਆਰ ਦੀ ਬਰਾਮਦਗੀ ਲਈ ਅਲੀਵਾਲ ਇਲਾਕੇ ਵਿੱਚ ਨਹਿਰ ਦੇ ਕਿਨਾਰੇ ਲੈ ਕੇ ਗਈ ਸੀ। ਇਸ ਦੌਰਾਨ ਮੁਲਜ਼ਮ ਨੇ ਉੱਥੇ ਪਹਿਲਾਂ ਤੋਂ ਛੁਪਾ ਕੇ ਰੱਖੇ ਪਿਸਤੌਲ ਨਾਲ ਅਚਾਨਕ ਪੁਲਸ ਟੀਮ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ, ਜੋ ਮੁਲਜ਼ਮ ਦੇ ਪੈਰ ਵਿੱਚ ਲੱਗੀ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ।

ਕਈ ਨਾਮੀ ਅਦਾਰਿਆਂ 'ਤੇ ਕੀਤੀ ਸੀ ਫਾਇਰਿੰਗ  
ਬਿੱਲਾ ਚਿੱਜੜ ਨੇ ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਬਣਾ ਕੇ ਰੱਖੀ ਸੀ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਨੇ ਫੈਸ਼ਨ ਲੰਡਨ ਗਾਰਮੈਂਟਸ, ਇੱਕ ਕਾਰ ਡੀਲਰ ਦੇ ਸ਼ੋਰੂਮ ਅਤੇ ਰਾਈਫਲ ਰੈਸਟੋਰੈਂਟ ਸਮੇਤ ਕਈ ਥਾਵਾਂ 'ਤੇ ਫਾਇਰਿੰਗ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ। ਮੁਲਜ਼ਮ ਵਿਰੁੱਧ ਪਹਿਲਾਂ ਹੀ ਫਾਇਰਿੰਗ, ਧਮਕੀਆਂ ਅਤੇ ਹੋਰ ਗੰਭੀਰ ਅਪਰਾਧਾਂ ਦੇ 12 ਅਪਰਾਧਿਕ ਮਾਮਲੇ ਦਰਜ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. (ਪੀ.ਬੀ.ਆਈ.) ਰਮਨਇੰਦਰ ਸਿੰਘ, ਡੀ.ਐੱਸ.ਪੀ. ਸੁਖਇੰਦਰ ਸਿੰਘ, ਡੀ.ਐੱਸ.ਪੀ. ਲਲਿਤ ਕੁਮਾਰ ਅਤੇ ਕਈ ਥਾਣਿਆਂ ਦੇ ਐੱਸ.ਐੱਚ.ਓ. ਭਾਰੀ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਫੋਰੈਂਸਿਕ ਟੀਮ ਨੇ ਵੀ ਘਟਨਾ ਸਥਾਨ ਤੋਂ ਸਬੂਤ ਇਕੱਠੇ ਕੀਤੇ ਹਨ। ਪੁਲਸ ਹੁਣ ਮੁਲਜ਼ਮ ਦੇ ਹੋਰ ਸਾਥੀਆਂ ਅਤੇ ਉਸ ਦੇ ਅਪਰਾਧਿਕ ਨੈੱਟਵਰਕ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।