'ਬਿਰਿਆਨੀ ਵਿਵਾਦ' ਮਗਰੋਂ ਪਹਿਲੀ ਵਾਰ ਸਟੇਜ 'ਤੇ ਪੁੱਜੇ ਕਾਮੇਡੀਅਨ ਪ੍ਰਣਿਤ ਮੋਰੇ, ਦਰਸ਼ਕਾਂ ਦਾ ਧੰਨਵਾਦ

ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਪ੍ਰਣਿਤ ਮੋਰੇ '370 ਰੁਪਏ ਦੀ ਬਿਰਿਆਨੀ' ਵਿਵਾਦ ਕਾਰਨ ਹੋਈ ਭਾਰੀ ਆਲੋਚਨਾ ਤੋਂ ਬਾਅਦ ਪਹਿਲੀ ਵਾਰ ਮੰਚ 'ਤੇ ਵਾਪਸੀ ਕੀਤੀ ਹੈ। ਇਸ ਸ਼ੋਅ ਦੌਰਾਨ ਪ੍ਰਣਿਤ ਕਾਫ਼ੀ ਭਾਵੁਕ ਨਜ਼ਰ ਆਏ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਮਿਲੇ ਭਰਵੇਂ ਹੁੰਗਾਰੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਮੁੰਬਈ : ਮਸ਼ਹੂਰ ਸਟੈਂਡ-ਅਪ ਕਾਮੇਡੀਅਨ ਪ੍ਰਣਿਤ ਮੋਰੇ '370 ਰੁਪਏ ਦੀ ਬਿਰਿਆਨੀ' ਵਿਵਾਦ ਕਾਰਨ ਹੋਈ ਭਾਰੀ ਆਲੋਚਨਾ ਤੋਂ ਬਾਅਦ ਪਹਿਲੀ ਵਾਰ ਮੰਚ 'ਤੇ ਵਾਪਸੀ ਕੀਤੀ ਹੈ। ਇਸ ਸ਼ੋਅ ਦੌਰਾਨ ਪ੍ਰਣਿਤ ਕਾਫ਼ੀ ਭਾਵੁਕ ਨਜ਼ਰ ਆਏ ਅਤੇ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਮਿਲੇ ਭਰਵੇਂ ਹੁੰਗਾਰੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦਰਸ਼ਕਾਂ ਨੇ ਦਿੱਤਾ 'ਸੈਕਿੰਡ ਚਾਂਸ'
ਸਟੇਜ 'ਤੇ ਪਹੁੰਚਦਿਆਂ ਹੀ ਪ੍ਰਣਿਤ ਮੋਰੇ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਸਨ ਕਿ ਕੀ ਲੋਕ ਉਨ੍ਹਾਂ ਨੂੰ ਸਵੀਕਾਰ ਕਰਨਗੇ। ਉਨ੍ਹਾਂ ਕਿਹਾ, "ਜਦੋਂ ਮੈਂ ਸਟੇਜ 'ਤੇ ਆਇਆ ਅਤੇ ਤੁਸੀਂ ਲੋਕਾਂ ਨੇ ਚੀਅਰ ਕੀਤਾ, ਤਾਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਤੁਸੀਂ ਇੰਨੇ ਸਪੋਰਟਿਵ ਹੋ"। ਪ੍ਰਣਿਤ ਦੇ ਇੰਨਾ ਕਹਿੰਦਿਆਂ ਹੀ ਭੀੜ ਨੇ "We Love You" ਚੀਕ ਕੇ ਉਨ੍ਹਾਂ ਦਾ ਹੌਸਲਾ ਵਧਾਇਆ ਅਤੇ ਜ਼ੋਰਦਾਰ ਤਾਲੀਆਂ ਵਜਾਈਆਂ।

ਖੁਸ਼ੀ ਲਈ ਸ਼ੁਰੂ ਕੀਤੀ ਸੀ ਕਾਮੇਡੀ
ਆਪਣੇ ਦਿਲ ਦੀ ਗੱਲ ਸਾਂਝੀ ਕਰਦਿਆਂ ਮੋਰੇ ਨੇ ਕਿਹਾ ਕਿ ਉਨ੍ਹਾਂ ਨੇ ਪੈਸੇ ਕਮਾਉਣ ਜਾਂ ਮਸ਼ਹੂਰ ਹੋਣ ਲਈ ਸਟੈਂਡ-ਅਪ ਕਾਮੇਡੀ ਸ਼ੁਰੂ ਨਹੀਂ ਸੀ ਕੀਤੀ, ਬਲਕਿ ਇਹ ਉਨ੍ਹਾਂ ਨੂੰ ਖੁਸ਼ੀ ਦਿੰਦੀ ਸੀ ਅਤੇ ਉਹ ਦੂਜਿਆਂ ਦੀ ਜ਼ਿੰਦਗੀ ਵਿੱਚ ਖੁਸ਼ੀ ਲਿਆਉਣਾ ਚਾਹੁੰਦੇ ਸਨ। ਉਨ੍ਹਾਂ ਮੰਨਿਆ ਕਿ ਹਾਲ ਹੀ ਵਿੱਚ ਹੋਏ ਵਿਵਾਦ ਕਾਰਨ ਉਨ੍ਹਾਂ ਨੂੰ ਕਾਫ਼ੀ ਦੁੱਖ ਹੋਇਆ ਸੀ।

ਕੀ ਸੀ '370 ਰੁਪਏ ਦੀ ਬਿਰਯਾਨੀ' ਵਿਵਾਦ?
ਇਹ ਵਿਵਾਦ ਪ੍ਰਣਿਤ ਮੋਰੇ ਦੇ ਇੱਕ ਪੁਰਾਣੇ ਸ਼ੋਅ ਤੋਂ ਸ਼ੁਰੂ ਹੋਇਆ ਸੀ, ਜਿਸ ਵਿੱਚ ਹਿਮਾਂਸ਼ੂ ਜਾਂਗੜਾ ਨਾਮ ਦੇ ਇੱਕ ਲੜਕੇ ਨੇ ਇੱਕ ਕੁੜੀ ਬਾਰੇ ਬਹੁਤ ਹੀ ਵਿਵਾਦਿਤ ਅਤੇ ਭੱਦਾ ਬਿਆਨ ਦਿੱਤਾ ਸੀ। ਹਿਮਾਂਸ਼ੂ ਨੇ ਕਿਹਾ ਸੀ ਕਿ ਉਸਨੇ ਡੇਟ 'ਤੇ ਇੱਕ ਕੁੜੀ ਨੂੰ 370 ਰੁਪਏ ਦੀ ਬਿਰਿਆਨੀ ਖੁਆਈ ਸੀ ਅਤੇ ਉਹ ਉਸ ਨਾਲ ਸਰੀਰਕ ਸਬੰਧ ਬਣਾ ਕੇ ਉਹ ਪੈਸੇ ਵਸੂਲਣਾ ਚਾਹੁੰਦਾ ਸੀ। ਵੀਡੀਓ ਵਿੱਚ ਪ੍ਰਣਿਤ ਇਨ੍ਹਾਂ ਟਿੱਪਣੀਆਂ 'ਤੇ ਹੱਸਦੇ ਅਤੇ ਦਿਲਚਸਪੀ ਲੈਂਦੇ ਦਿਖਾਈ ਦਿੱਤੇ ਸਨ, ਜਿਸ ਕਾਰਨ ਉਨ੍ਹਾਂ 'ਤੇ ਔਰਤਾਂ ਦਾ ਅਪਮਾਨ ਕਰਨ ਦੇ ਦੋਸ਼ ਲੱਗੇ ਸਨ। ਹਾਲਾਂਕਿ, ਵਿਵਾਦ ਵਧਣ ਤੋਂ ਬਾਅਦ ਪ੍ਰਣਿਤ ਨੇ ਜਨਤਕ ਤੌਰ 'ਤੇ ਮੁਆਫੀ ਮੰਗ ਲਈ ਸੀ।

ਮਾਂ ਦੀ ਸਲਾਹ ਨੇ ਦਿੱਤਾ ਹੌਸਲਾ
ਪ੍ਰਣਿਤ ਨੇ ਆਪਣੀ ਮਾਂ ਨਾਲ ਹੋਈ ਗੱਲਬਾਤ ਨੂੰ ਯਾਦ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਕਿਹਾ ਸੀ ਕਿ "ਹਰ ਇਨਸਾਨ ਗਲਤੀ ਕਰਦਾ ਹੈ, ਪਰ ਮੁਆਫੀ ਮੰਗਣ ਤੋਂ ਬਾਅਦ ਉਹ ਤੁਹਾਡੇ ਵਿਵਹਾਰ ਵਿੱਚ ਝਲਕਣੀ ਚਾਹੀਦੀ ਹੈ"। ਪ੍ਰਣਿਤ ਨੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ ਕਿ ਉਨ੍ਹਾਂ ਨੇ ਉਸ ਨੂੰ ਇੱਕ ਹੋਰ ਮੌਕਾ ਦਿੱਤਾ ਹੈ।

ਇਸ ਮਾਮਲੇ ਵਿੱਚ ਹਿਮਾਂਸ਼ੂ ਜਾਂਗੜਾ ਨੂੰ ਪੁਲਿਸ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ ਸੀ ਅਤੇ ਉਰਫ਼ੀ ਜਾਵੇਦ ਵਰਗੀਆਂ ਕਈ ਹਸਤੀਆਂ ਨੇ ਇਸ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਸੀ।