CM ਭਗਵੰਤ ਮਾਨ ਸਿਹਤ ਲਾਭ ਲਈ ਬੈਂਗਲੁਰੂ ਰਵਾਨਾ, ‘ਵਿਪਾਸਨਾ’ ਤੇ ਕੁਦਰਤੀ ਇਲਾਜ ਕੇਂਦਰ 'ਚ ਰਹਿਣਗੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਲਈ ਵਿਪਾਸਨਾ ਅਤੇ ਸਿਹਤ ਲਾਭ ਲੈਣ ਦੇ ਮਕਸਦ ਨਾਲ ਬੈਂਗਲੁਰੂ ਪਹੁੰਚ ਗਏ ਹਨ। ਸਰਕਾਰੀ ਸੂਤਰਾਂ ਅਨੁਸਾਰ, ਇਸ ਦੌਰਾਨ ਉਹ ਇੱਕ ਨਿੱਜੀ ਕੁਦਰਤੀ ਇਲਾਜ ਕੇਂਦਰ ਵਿਚ ਰਹਿ ਕੇ ਪ੍ਰਾਕਿਰਤਿਕ ਇਲਾਜ, ਯੋਗ, ਧਿਆਨ ਅਤੇ ਵਿਸ਼ੇਸ਼ ਖੁਰਾਕ ਯੋਜਨਾ ਰਾਹੀਂ ਆਪਣੀ ਸਿਹਤ ਵਿਚ ਸੁਧਾਰ ਕਰਨਗੇ।
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਲਈ ਵਿਪਾਸਨਾ ਅਤੇ ਸਿਹਤ ਲਾਭ ਲੈਣ ਦੇ ਮਕਸਦ ਨਾਲ ਬੈਂਗਲੁਰੂ ਪਹੁੰਚ ਗਏ ਹਨ। ਸਰਕਾਰੀ ਸੂਤਰਾਂ ਅਨੁਸਾਰ, ਇਸ ਦੌਰਾਨ ਉਹ ਇੱਕ ਨਿੱਜੀ ਕੁਦਰਤੀ ਇਲਾਜ ਕੇਂਦਰ ਵਿਚ ਰਹਿ ਕੇ ਪ੍ਰਾਕਿਰਤਿਕ ਇਲਾਜ, ਯੋਗ, ਧਿਆਨ ਅਤੇ ਵਿਸ਼ੇਸ਼ ਖੁਰਾਕ ਯੋਜਨਾ ਰਾਹੀਂ ਆਪਣੀ ਸਿਹਤ ਵਿਚ ਸੁਧਾਰ ਕਰਨਗੇ।

ਰੁਝੇਵਿਆਂ ਕਾਰਨ ਹੋਈ ਥਕਾਵਟ ਤੋਂ ਬਾਅਦ ਡਾਕਟਰੀ ਸਲਾਹ
ਮੁੱਖ ਮੰਤਰੀ ਪਿਛਲੇ ਕਾਫੀ ਸਮੇਂ ਤੋਂ ਲਗਾਤਾਰ ਸਿਆਸੀ ਪ੍ਰੋਗਰਾਮਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਸਰਕਾਰੀ ਗਤੀਵਿਧੀਆਂ ਵਿਚ ਬਹੁਤ ਜ਼ਿਆਦਾ ਵਿਅਸਤ ਸਨ। ਲਗਾਤਾਰ ਯਾਤਰਾਵਾਂ ਅਤੇ ਰੁਝੇਵਿਆਂ ਕਾਰਨ ਉਹਨਾਂ ਨੂੰ ਥਕਾਵਟ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਡਾਕਟਰਾਂ ਦੀ ਸਲਾਹ 'ਤੇ ਉਨ੍ਹਾਂ ਨੇ ਇਹ ਇੱਕ ਹਫ਼ਤੇ ਦਾ ਸਿਹਤ ਪ੍ਰੋਗਰਾਮ ਤੈਅ ਕੀਤਾ ਹੈ।

ਕੁਦਰਤੀ ਚਿਕਿਤਸਾ ਤੇ ਵਿਪਾਸਨਾ 'ਤੇ ਰਹੇਗਾ ਜ਼ੋਰ
ਬੈਂਗਲੁਰੂ ਵਿੱਚ ਰਹਿਣ ਦੌਰਾਨ ਮੁੱਖ ਮੰਤਰੀ ਕੁਦਰਤੀ ਇਲਾਜ ਪ੍ਰਣਾਲੀ ਦੇ ਤਹਿਤ ਸਰੀਰ ਦੀ ਸ਼ੁੱਧੀ, ਯੋਗ ਤੇ ਧਿਆਨ ਸੈਸ਼ਨਾਂ ਵਿਚ ਹਿੱਸਾ ਲੈਣਗੇ। ਇਸ ਦੌਰਾਨ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਉਨ੍ਹਾਂ ਦੀ ਸਿਹਤ ਦੀ ਲਗਾਤਾਰ ਜਾਂਚ ਕੀਤੀ ਜਾਵੇਗੀ ਤੇ ਲੋੜ ਅਨੁਸਾਰ ਉਨ੍ਹਾਂ ਦੇ ਡਾਈਟ ਪਲਾਨ ਵਿਚ ਬਦਲਾਅ ਕੀਤਾ ਜਾ ਸਕਦਾ ਹੈ।

ਪ੍ਰਸ਼ਾਸਨਿਕ ਕੰਮਕਾਜ ਰਹੇਗਾ ਜਾਰੀ
ਮੁੱਖ ਮੰਤਰੀ ਦੀ ਗੈਰ-ਹਾਜ਼ਰੀ ਦੇ ਬਾਵਜੂਦ ਸੂਬਾ ਸਰਕਾਰ ਦਾ ਕੰਮਕਾਜ ਪਹਿਲਾਂ ਵਾਂਗ ਹੀ ਸੁਚਾਰੂ ਰੂਪ ਵਿਚ ਜਾਰੀ ਰਹੇਗਾ। ਬੈਂਗਲੁਰੂ ਰਵਾਨਾ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੂਬੇ ਦੇ ਕਈ ਅਹਿਮ ਵਿਕਾਸ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਦੇ ਕੰਮ ਪ੍ਰਭਾਵਿਤ ਨਾ ਹੋਣ। ਲੋੜ ਪੈਣ 'ਤੇ ਮੁੱਖ ਮੰਤਰੀ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿ ਕੇ ਅਹਿਮ ਫੈਸਲੇ ਵੀ ਲੈਂਦੇ ਰਹਿਣਗੇ।