ਛੁੱਟੀ ਮਨਜ਼ੂਰ ਕਰਨ ਬਦਲੇ 5 ਹਜ਼ਾਰ ਦੀ ਰਿਸ਼ਵਤ ਲੈਂਦਾ BPEO ਦਫ਼ਤਰ ਦਾ ਕਲਰਕ ਰੰਗੇ ਹੱਥੀਂ ਕਾਬੂ

ਹੁਸ਼ਿਆਰਪੁਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ (BPEO), ਹਾਜੀਪੁਰ ਵਿੱਚ ਤਾਇਨਾਤ ਇੱਕ ਕਲਰਕ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਮੁਲਜ਼ਮ ਕਲਰਕ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ, ਜਿਸ ਨੂੰ ਇੱਕ ਸਰਕਾਰੀ ਅਧਿਆਪਕਾ ਦੀ ਚਾਈਲਡ ਕੇਅਰ ਲੀਵ (CCL) ਮੰਨਜ਼ੂਰ ਕਰਨ ਦੇ ਬਦਲੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।
ਦਸੂਹਾ : ਹੁਸ਼ਿਆਰਪੁਰ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ (BPEO), ਹਾਜੀਪੁਰ ਵਿੱਚ ਤਾਇਨਾਤ ਇੱਕ ਕਲਰਕ ਨੂੰ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਮੁਲਜ਼ਮ ਕਲਰਕ ਦੀ ਪਛਾਣ ਗਗਨਦੀਪ ਵਜੋਂ ਹੋਈ ਹੈ, ਜਿਸ ਨੂੰ ਇੱਕ ਸਰਕਾਰੀ ਅਧਿਆਪਕਾ ਦੀ ਚਾਈਲਡ ਕੇਅਰ ਲੀਵ (CCL) ਮੰਨਜ਼ੂਰ ਕਰਨ ਦੇ ਬਦਲੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।

10 ਹਜ਼ਾਰ ਤੋਂ 5 ਹਜ਼ਾਰ 'ਚ ਹੋਇਆ ਸੀ ਸੌਦਾ
ਸ਼ਿਕਾਇਤਕਰਤਾ ਅਨੁਸਾਰ ਉਸ ਦੀ ਪਤਨੀ ਸਰਕਾਰੀ ਐਲੀਮੈਂਟਰੀ ਸਕੂਲ, ਸਹੋਰਾ ਕੰਡੀ (ਬਲਾਕ ਹਾਜੀਪੁਰ) ਵਿਖੇ ਈ.ਟੀ.ਟੀ. ਅਧਿਆਪਕਾ ਹੈ। ਉਸ ਦੀ ਪਤਨੀ ਆਪਣੀ 9 ਮਹੀਨਿਆਂ ਦੀ ਬੱਚੀ ਦੀ ਦੇਖਭਾਲ ਲਈ ਛੁੱਟੀ ਲੈਣਾ ਚਾਹੁੰਦੀ ਸੀ। ਜਦੋਂ ਸ਼ਿਕਾਇਤਕਰਤਾ ਇਸ ਸਬੰਧੀ ਬੀ.ਪੀ.ਈ.ਓ. ਦਫ਼ਤਰ ਗਿਆ ਤਾਂ ਕਲਰਕ ਗਗਨਦੀਪ ਨੇ ਵਟਸਐਪ ਕਾਲ ਰਾਹੀਂ ਛੁੱਟੀ ਮੰਨਜ਼ੂਰ ਕਰਵਾਉਣ ਬਦਲੇ 10,000 ਰੁਪਏ ਦੀ ਮੰਗ ਕੀਤੀ। ਬਾਅਦ ਵਿੱਚ ਸੌਦਾ 5,000 ਰੁਪਏ ਵਿੱਚ ਤੈਅ ਹੋਇਆ।

ਵੀਡੀਓ ਰਿਕਾਰਡਿੰਗ ਨੇ ਖੋਲ੍ਹੀ ਪੋਲ
ਸ਼ਿਕਾਇਤਕਰਤਾ ਨੇ ਰਿਸ਼ਵਤ ਦੇਣ ਦੀ ਬਜਾਏ ਕਲਰਕ ਨਾਲ ਹੋਈ ਗੱਲਬਾਤ ਦੀ ਵੀਡੀਓ ਅਤੇ ਆਡੀਓ ਰਿਕਾਰਡਿੰਗ ਕਰ ਲਈ। ਉਸ ਨੇ ਇਹ ਸਾਰੇ ਸਬੂਤ ਇੱਕ ਪੈਨ ਡਰਾਈਵ ਵਿੱਚ ਪਾ ਕੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੇ ਅਤੇ ਮੁਲਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਵਿਜੀਲੈਂਸ ਦੀ ਟੀਮ ਨੇ ਤੁਰੰਤ ਜਾਲ ਵਿਛਾਇਆ ਅਤੇ ਕਲਰਕ ਨੂੰ ਰਿਸ਼ਵਤ ਦੀ ਰਾਸ਼ੀ ਲੈਂਦਿਆਂ ਮੌਕੇ 'ਤੇ ਹੀ ਦਬੋਚ ਲਿਆ।

ਦੂਰ-ਦੁਰਾਡੇ ਪੋਸਟਿੰਗ ਕਾਰਨ ਪਰੇਸ਼ਾਨ ਸੀ ਪਰਿਵਾਰ
ਦੱਸਿਆ ਜਾ ਰਿਹਾ ਹੈ ਕਿ ਅਧਿਆਪਕਾ ਦਾ ਮੂਲ ਪਿੰਡ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਹੈ, ਜੋ ਕਿ ਉਸ ਦੀ ਪੋਸਟਿੰਗ ਵਾਲੀ ਥਾਂ ਤੋਂ ਲਗਭਗ 250 ਕਿਲੋਮੀਟਰ ਦੂਰ ਹੈ। ਉਹ ਆਪਣੀ ਛੋਟੀ ਬੱਚੀ ਦੀ ਦੇਖਭਾਲ ਲਈ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਅਤੇ ਛੁੱਟੀ ਦੀ ਸਖ਼ਤ ਲੋੜ ਸੀ, ਜਿਸ ਦਾ ਫਾਇਦਾ ਉਠਾਉਂਦਿਆਂ ਕਲਰਕ ਨੇ ਰਿਸ਼ਵਤ ਦੀ ਮੰਗ ਕੀਤੀ।

ਵਿਜੀਲੈਂਸ ਦੀ ਅਪੀਲ
ਇਸ ਸਬੰਧੀ ਡੀ.ਐਸ.ਪੀ. ਵਿਜੀਲੈਂਸ ਮਨਦੀਪ ਸਿੰਘ ਸ਼ੇਖ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਸਰਕਾਰੀ ਕਰਮਚਾਰੀ ਕਿਸੇ ਕੰਮ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਤੁਰੰਤ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।