ਚੰਡੀਗੜ੍ਹ ਦੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕੰਪ

ਚੰਡੀਗੜ੍ਹ ਵਿੱਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।
ਚੰਡੀਗੜ੍ਹ : ਚੰਡੀਗੜ੍ਹ ਵਿੱਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਹਿਰ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਸ, ਬੰਬ ਨਿਰੋਧਕ ਦਸਤਾ (ਬੰਬ ਸਕੁਐਡ), ਡੌਗ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਤੁਰੰਤ ਸਰਗਰਮ ਹੋ ਗਈਆਂ ਅਤੇ ਸਕੂਲਾਂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ।

ਇਨ੍ਹਾਂ ਸਕੂਲਾਂ ਨੂੰ ਮਿਲੀ ਧਮਕੀ
ਪੁਲਸ ਕੰਟਰੋਲ ਰੂਮ ਅਨੁਸਾਰ ਸਭ ਤੋਂ ਪਹਿਲਾਂ ਸੈਕਟਰ-31 ਸਥਿਤ ਏਅਰ ਫੋਰਸ ਸਕੂਲ ਨੂੰ ਧਮਕੀ ਭਰਿਆ ਈ-ਮੇਲ ਮਿਲਿਆ। ਇਸ ਤੋਂ ਬਾਅਦ ਸੈਕਟਰ-37ਬੀ ਅਤੇ 37ਡੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਵਿਵੇਕ ਹਾਈ ਸਕੂਲ (ਸੈਕਟਰ-38), ਸੈਕਰਡ ਹਾਰਟ ਸਕੂਲ (ਸੈਕਟਰ-26), ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ (ਸੈਕਟਰ-26), ਡੀਪੀਐਸ (ਸੈਕਟਰ-40) ਅਤੇ ਕਾਰਮਲ ਕਾਨਵੈਂਟ ਸਕੂਲ (ਸੈਕਟਰ-9) ਨੂੰ ਵੀ ਅਜਿਹੇ ਹੀ ਧਮਕੀ ਭਰੇ ਈ-ਮੇਲ ਭੇਜੇ ਗਏ।

ਸੁਰੱਖਿਆ ਦੇ ਸਖ਼ਤ ਪ੍ਰਬੰਧ ਅਤੇ ਜਾਂਚ
ਧਮਕੀ ਮਿਲਣ ਤੋਂ ਬਾਅਦ ਪੁਲਸ ਟੀਮਾਂ ਨੇ ਸਕੂਲ ਭਵਨਾਂ, ਕਲਾਸ ਰੂਮਾਂ, ਪਾਰਕਿੰਗ ਖੇਤਰਾਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਦੀ ਬਾਰੀਕੀ ਨਾਲ ਜਾਂਚ ਕੀਤੀ। ਸਾਈਬਰ ਸੈੱਲ ਵੱਲੋਂ ਈ-ਮੇਲ ਦੇ ਸਰੋਤ, ਆਈਪੀ ਐਡਰੈੱਸ ਅਤੇ ਭੇਜਣ ਵਾਲੇ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਵਸਤੂ ਮਿਲਣ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਮੁੱਖ ਮੰਤਰੀ ਨੂੰ ਵੀ ਦਿੱਤੀ ਗਈ ਧਮਕੀ
ਹੈਰਾਨੀਜਨਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਇਸੇ ਈ-ਮੇਲ ਰਾਹੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਧਮਕੀ ਦਿੱਤੀ ਗਈ ਹੈ। ਪੁਲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਸਕੂਲ ਕੰਪਲੈਕਸਾਂ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ।