ਚੰਡੀਗੜ੍ਹ ਰੋਜ਼ ਗਾਰਡਨ: ਮਹਿਲਾ ਰੈਸਟਰੂਮ 'ਚ 30 ਸਾਲਾ ਔਰਤ ਦਾ ਗਲਾ ਵੱਢਿਆ ਮਿਲਿਆ, ਕਤਲ ਜਾਂ ਖੁਦਕੁਸ਼ੀ?

ਪੁਲਸ ਅਨੁਸਾਰ, ਦੀਕਸ਼ਾ ਠਾਕੁਰ ਦਾ ਗਲਾ ਵੱਢਿਆ ਹੋਇਆ ਮਿਲਿਆ। ਲਾਸ਼ ਦੇ ਕੋਲ ਹੀ ਇੱਕ ਚਾਕੂ, ਉਸ ਦਾ ਪਰਸ ਅਤੇ ਮੋਬਾਈਲ ਫੋਨ ਪਿਆ ਸੀ।
ਚੰਡੀਗੜ੍ਹ ਦੇ ਸੈਕਟਰ 16 ਸਥਿਤ ਰੋਜ਼ ਗਾਰਡਨ ਵਿੱਚ ਇੱਕ 30 ਸਾਲਾ ਔਰਤ ਦੀ ਰਹੱਸਮਈ ਹਾਲਤ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਨੀਵਾਰ ਦੁਪਹਿਰ ਨੂੰ ਔਰਤ ਦੀ ਲਾਸ਼ ਲੇਡੀਜ਼ ਰੈਸਟਰੂਮ ਦੇ ਅੰਦਰੋਂ ਮਿਲੀ। ਮ੍ਰਿਤਕ ਔਰਤ ਦੀ ਪਛਾਣ ਦੀਕਸ਼ਾ ਠਾਕੁਰ ਵਜੋਂ ਹੋਈ ਹੈ। ਉਹ ਇੰਡਸਟਰੀਅਲ ਏਰੀਆ ਵਿੱਚ ਇੱਕ ਨਿਊਜ਼ ਚੈਨਲ ਵਿੱਚ ਕੰਮ ਕਰਦੀ ਸੀ ਅਤੇ ਮੋਹਾਲੀ ਦੇ ਫੇਜ਼ 11 ਵਿੱਚ ਇੱਕ ਪੀ.ਜੀ. ਵਿੱਚ ਰਹਿੰਦੀ ਸੀ।

ਪੁਲਸ ਅਨੁਸਾਰ, ਦੀਕਸ਼ਾ ਠਾਕੁਰ ਦਾ ਗਲਾ ਵੱਢਿਆ ਹੋਇਆ ਮਿਲਿਆ। ਲਾਸ਼ ਦੇ ਕੋਲ ਹੀ ਇੱਕ ਚਾਕੂ, ਉਸ ਦਾ ਪਰਸ ਅਤੇ ਮੋਬਾਈਲ ਫੋਨ ਪਿਆ ਸੀ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੀਕਸ਼ਾ ਨੂੰ ਰੈਸਟਰੂਮ ਵਿੱਚ ਇਕੱਲਿਆਂ ਦਾਖਲ ਹੁੰਦੇ ਦੇਖਿਆ ਗਿਆ ਹੈ। ਇਹ ਮਾਮਲਾ ਦੁਪਹਿਰ ਕਰੀਬ 3 ਵਜੇ ਸਾਹਮਣੇ ਆਇਆ, ਜਦੋਂ ਇੱਕ ਮਹਿਲਾ ਸੈਲਾਨੀ ਰੈਸਟਰੂਮ ਵਿੱਚ ਦਾਖਲ ਹੋਈ ਅਤੇ ਦੀਕਸ਼ਾ ਨੂੰ ਖੂਨ ਨਾਲ ਲੱਥਪੱਥ ਦੇਖਿਆ। ਸੈਲਾਨੀ ਨੇ ਬਾਹਰ ਆ ਕੇ ਤੁਰੰਤ ਨੇੜੇ ਖੜ੍ਹੀ ਟ੍ਰੈਫਿਕ ਪੁਲਸ ਨੂੰ ਸੂਚਿਤ ਕੀਤਾ।

ਪੁਲਸ ਇਸ ਵੇਲੇ ਮਾਮਲੇ ਨੂੰ ਕਤਲ ਅਤੇ ਖੁਦਕੁਸ਼ੀ ਦੋਵਾਂ ਪਹਿਲੂਆਂ ਤੋਂ ਦੇਖ ਰਹੀ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗਰਦਨ ਦੇ ਜ਼ਖ਼ਮ ਤੋਂ ਇਲਾਵਾ ਸਰੀਰ 'ਤੇ ਹੋਰ ਕੋਈ ਸੱਟ ਦਾ ਨਿਸ਼ਾਨ ਨਹੀਂ ਮਿਲਿਆ ਹੈ। ਨਾ ਹੀ ਲੁੱਟ-ਖੋਹ ਜਾਂ ਸੰਘਰਸ਼ ਦੇ ਕੋਈ ਸੰਕੇਤ ਮਿਲੇ ਹਨ।
ਬਰਾਮਦ ਕੀਤੇ ਗਏ ਚਾਕੂ ਨੂੰ ਫਿੰਗਰਪ੍ਰਿੰਟ ਜਾਂਚ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਕਾਲ ਰਿਕਾਰਡਾਂ ਦਾ ਵੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।

ਪਤੀ ਤੋਂ ਵੱਖ ਰਹਿਣ ਦਾ ਮਾਮਲਾ
ਪੁਲਸ ਦੀ ਜਾਂਚ ਵਿੱਚ ਦੀਕਸ਼ਾ ਦੀ ਨਿੱਜੀ ਜ਼ਿੰਦਗੀ ਬਾਰੇ ਅਹਿਮ ਜਾਣਕਾਰੀ ਮਿਲੀ ਹੈ। ਪੁਲਸ ਨੂੰ ਦੀਕਸ਼ਾ ਦੇ ਪਰਸ ਵਿੱਚੋਂ ਡਿਪ੍ਰੈਸ਼ਨ ਦੀ ਦਵਾਈ ਮਿਲੀ ਹੈ। ਉਸ ਦੇ ਪਤੀ ਰਿਤਵਿਕ (ਜੋ ਸਹਾਰਨਪੁਰ ਵਿੱਚ ਆਈ.ਟੀ. ਇੰਜੀਨੀਅਰ ਹੈ) ਨੇ ਦੱਸਿਆ ਕਿ ਉਹ ਪਹਿਲਾਂ ਵੀ ਤਣਾਅ ਵਿੱਚ ਰਹਿੰਦੀ ਸੀ ਪਰ ਚੰਡੀਗੜ੍ਹ ਆਉਣ ਤੋਂ ਬਾਅਦ ਉਸ ਦੀ ਹਾਲਤ ਹੋਰ ਵਿਗੜ ਗਈ ਸੀ। ਦੀਕਸ਼ਾ ਲਗਭਗ ਇੱਕ ਸਾਲ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਉਸ ਦੇ ਪਤੀ ਨੇ ਹਸਪਤਾਲ ਵਿੱਚ ਦੱਸਿਆ ਕਿ ਉਹ ਸੱਤ ਮਹੀਨਿਆਂ ਤੋਂ ਆਪਣੇ 4 ਸਾਲ ਦੇ ਬੇਟੇ ਨੂੰ ਵੀ ਮਿਲਣ ਨਹੀਂ ਗਈ ਸੀ।
ਦੀਕਸ਼ਾ ਦੇ ਸਹੁਰੇ ਹਰੀ ਓਮ, ਜੋ ਕਿ ਇੱਕ ਸੇਵਾਮੁਕਤ ਸਕੂਲ ਪ੍ਰਿੰਸੀਪਲ ਹਨ, ਨੇ ਦੱਸਿਆ ਕਿ ਉਹ ਦੋਵਾਂ ਵਿੱਚ ਸੁਲ੍ਹਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਦੀਕਸ਼ਾ ਮੂਲ ਰੂਪ ਵਿੱਚ ਸਹਾਰਨਪੁਰ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ। ਸੋਮਵਾਰ ਨੂੰ ਸੈਕਟਰ 16 ਹਸਪਤਾਲ ਵਿੱਚ ਤਿੰਨ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਉਸ ਦੇ ਪਤੀ ਨੂੰ ਸਹਾਰਨਪੁਰ ਲਿਜਾਣ ਲਈ ਸੌਂਪ ਦਿੱਤੀ ਗਈ।