ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਮੰਗੀ ਵਾਧੂ ਸੁਰੱਖਿਆ; ਖਾਲਿਸਤਾਨੀ ਅਤੇ ਕੱਟੜਪੰਥੀ ਤੱਤਾਂ ਤੋਂ ਖਤਰੇ ਦਾ ਕੀਤਾ ਦਾਅਵਾ

ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕਰਦਿਆਂ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਹੈ। ਮੇਅਰ ਨੇ ਇਸ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਤੇ ਨਗਰ ਨਿਗਮ ਦੇ ਕੰਮਾਂ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਕੱਟੜਪੰਥੀ ਅਤੇ ਖਾਲਿਸਤਾਨ ਸਮਰਥਕ ਤੱਤਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ।
ਚੰਡੀਗੜ੍ਹ : ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕਰਦਿਆਂ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਪੱਤਰ ਲਿਖਿਆ ਹੈ। ਮੇਅਰ ਨੇ ਇਸ ਪੱਤਰ ਵਿੱਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਤੇ ਨਗਰ ਨਿਗਮ ਦੇ ਕੰਮਾਂ ਨਾਲ ਸਬੰਧਤ ਮਾਮਲਿਆਂ ਨੂੰ ਲੈ ਕੇ ਕੱਟੜਪੰਥੀ ਅਤੇ ਖਾਲਿਸਤਾਨ ਸਮਰਥਕ ਤੱਤਾਂ ਵੱਲੋਂ ਧਮਕੀਆਂ ਮਿਲ ਰਹੀਆਂ ਹਨ। ਇਨ੍ਹਾਂ ਹਾਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਵਾਧੂ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ।

ਮੌਜੂਦਾ ਸੁਰੱਖਿਆ ਘੇਰੇ 'ਤੇ ਛਿੜੀ ਚਰਚਾ
ਮੇਅਰ ਦੀ ਇਸ ਮੰਗ ਤੋਂ ਬਾਅਦ ਨਗਰ ਨਿਗਮ ਅਤੇ ਸਿਆਸੀ ਹਲਕਿਆਂ ਵਿੱਚ ਬਹਿਸ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮੇਅਰ ਦੀ ਸੁਰੱਖਿਆ ਲਈ ਪਹਿਲਾਂ ਹੀ ਦੋ ਪੁਲਸ ਮੁਲਾਜ਼ਮ ਤਾਇਨਾਤ ਹਨ, ਜਦਕਿ ਪੂਰੇ ਨਿਗਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਕਮਿਸ਼ਨਰ ਕੋਲ ਸਿਰਫ਼ ਇੱਕ ਸੁਰੱਖਿਆ ਗਾਰਡ ਹੈ। ਮੇਅਰ ਅਨੁਸਾਰ, ਇੱਕ ਜਨਤਕ ਪ੍ਰਤੀਨਿਧੀ ਹੋਣ ਦੇ ਨਾਤੇ ਉਨ੍ਹਾਂ ਨੂੰ ਲਗਾਤਾਰ ਮੀਟਿੰਗਾਂ ਅਤੇ ਜਨਤਕ ਪ੍ਰੋਗਰਾਮਾਂ ਵਿੱਚ ਜਾਣਾ ਪੈਂਦਾ ਹੈ, ਜਿਸ ਕਾਰਨ ਸੁਰੱਖਿਆ ਜੋਖਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਕਾਰਜਕਾਲ ਤੇ ਪ੍ਰਸ਼ਾਸਨਿਕ ਕਾਰਵਾਈ
ਸੌਰਭ ਜੋਸ਼ੀ ਦਾ ਮੇਅਰ ਵਜੋਂ ਇੱਕ ਸਾਲ ਦਾ ਕਾਰਜਕਾਲ ਹੈ, ਜਿਸ ਵਿੱਚੋਂ ਲਗਭਗ ਅੱਧਾ ਸਮਾਂ ਬੀਤ ਚੁੱਕਾ ਹੈ। ਅੱਧੇ ਕਾਰਜਕਾਲ ਤੋਂ ਬਾਅਦ ਵਾਧੂ ਸੁਰੱਖਿਆ ਦੀ ਮੰਗ ਕੀਤੇ ਜਾਣ 'ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਹਨ। ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਅਸਲ ਵਿੱਚ ਖਤਰਾ ਹੈ ਤਾਂ ਪ੍ਰਸ਼ਾਸਨ ਨੂੰ ਕਦਮ ਚੁੱਕਣੇ ਚਾਹੀਦੇ ਹਨ, ਜਦਕਿ ਦੂਜੇ ਪਾਸੇ ਮੌਜੂਦਾ ਸੁਰੱਖਿਆ ਨੂੰ ਕਾਫ਼ੀ ਦੱਸਿਆ ਜਾ ਰਿਹਾ ਹੈ। 

ਏਜੰਸੀਆਂ ਦੀ ਰਿਪੋਰਟ ਤੋਂ ਬਾਅਦ ਹੋਵੇਗਾ ਫੈਸਲਾ
ਨਿਗਮ ਸੂਤਰਾਂ ਅਨੁਸਾਰ ਮੇਅਰ ਦਾ ਪੱਤਰ ਉੱਚ ਅਧਿਕਾਰੀਆਂ ਤੱਕ ਪਹੁੰਚ ਗਿਆ ਹੈ। ਹੁਣ ਸੁਰੱਖਿਆ ਏਜੰਸੀਆਂ ਅਤੇ ਪੁਲਿਸ ਵਿਭਾਗ ਤੋਂ ਇਸ ਸਬੰਧੀ ਰਿਪੋਰਟ ਮੰਗੀ ਜਾ ਸਕਦੀ ਹੈ। ਖਤਰੇ ਦੇ ਪੱਧਰ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਮੇਅਰ ਦੀ ਸੁਰੱਖਿਆ ਵਧਾਈ ਜਾਣੀ ਚਾਹੀਦੀ ਹੈ ਜਾਂ ਨਹੀਂ।