ਪੰਜਾਬ ਵਿੱਚ ਦੂਜੇ ਦਿਨ ਵੀ 'ਚੱਕਾ ਜਾਮ': ਸਰਕਾਰੀ ਬੱਸਾਂ ਦੀ ਹੜਤਾਲ ਜਾਰੀ, ਲੋਕ ਪਰੇਸ਼ਾਨ

ਇਹ ਹੜਤਾਲ ਪੰਜਾਬ ਰੋਡਵੇਜ਼ ਪਨਬਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਸਮੂਹ ਡਿਪੂ ਕਮੇਟੀਆਂ ਵੱਲੋਂ ਕੀਤੀ ਜਾ ਰਹੀ ਹੈ।
ਪੰਜਾਬ ਵਿੱਚ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ ਕਿ ਅੱਜ ਨੂੰ ਵੀ ਬੱਸਾਂ ਦਾ ਚੱਕਾ ਜਾਮ ਰਹੇਗਾ। ਪੰਜਾਬ ਰੋਡਵੇਜ਼, ਪਨਬੱਸ, ਅਤੇ ਪੀ. ਆਰ. ਟੀ. ਸੀ. ਦੇ ਮੁਲਾਜ਼ਮਾਂ ਦੀ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੀ ਹੈ ਮਾਮਲਾ?
ਇਹ ਹੜਤਾਲ ਪੰਜਾਬ ਰੋਡਵੇਜ਼ ਪਨਬਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀਆਂ ਸਮੂਹ ਡਿਪੂ ਕਮੇਟੀਆਂ ਵੱਲੋਂ ਕੀਤੀ ਜਾ ਰਹੀ ਹੈ। ਇਹਨਾਂ ਮੁਲਾਜ਼ਮਾਂ ਵੱਲੋਂ ਮੁੱਖ ਤੌਰ 'ਤੇ ਕਿਲੋਮੀਟਰ ਸਕੀਮ ਦੇ ਵਿਰੋਧ ਸਣੇ ਹੋਰ ਕਈ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲ੍ਹੇ ਜਾਣੇ ਸਨ। ਯੂਨੀਅਨ ਨੇ ਇਸ ਦੇ ਵਿਰੋਧ ਵਿੱਚ ਟੈਂਡਰ ਰੱਦ ਕੀਤੇ ਜਾਣ ਅਤੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ।

ਯੂਨੀਅਨ ਵੱਲੋਂ 28 ਨਵੰਬਰ ਤੋਂ ਚੱਕਾ ਜਾਮ ਕਰ ਦਿੱਤਾ ਗਿਆ ਸੀ। ਟੈਂਡਰ ਖੁੱਲ੍ਹਣ ਤੋਂ ਪਹਿਲਾਂ, ਪੁਲਿਸ ਨੇ ਵੱਡੀ ਗਿਣਤੀ ਵਿੱਚ ਮੁੱਖ ਸੂਬਾ ਪੱਧਰੀ ਆਗੂਆਂ ਨੂੰ ਕਾਬੂ ਕਰ ਲਿਆ ਸੀ। ਆਗੂਆਂ ਦੀ ਗ੍ਰਿਫ਼ਤਾਰੀ ਦੇ ਤੁਰੰਤ ਬਾਅਦ, ਯੂਨੀਅਨ ਨੇ ਪ੍ਰਤੀਕਰਮ ਦਿੰਦਿਆਂ ਪੰਜਾਬ ਭਰ ਦੇ ਬੱਸ ਅੱਡੇ ਬੰਦ ਕਰਨ ਦਾ ਐਲਾਨ ਕਰ ਦਿੱਤਾ। ਨਤੀਜੇ ਵਜੋਂ, ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰੀ ਬੱਸਾਂ ਪੂਰੀ ਤਰ੍ਹਾਂ ਬੰਦ ਹਨ। ਇਸ ਹੜਤਾਲ ਕਾਰਨ ਲਗਾਤਾਰ ਦੂਜੇ ਦਿਨ ਵੀ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਜਾਣ ਲਈ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ।