ਈ-ਰਿਕਸ਼ਾ ਚਾਲਕਾਂ ਦੀ ਸੁਰੱਖਿਆ ਲਈ ਕੇਂਦਰ ਦਾ ਵੱਡਾ ਕਦਮ! ਚੀਨੀ ਐਪ ‘BAT BMS’ ’ਤੇ ਲਾਈ ਪਾਬੰਦੀ

ਕੇਂਦਰ ਸਰਕਾਰ ਨੇ ਈ-ਰਿਕਸ਼ਾ ਚਾਲਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਅਤੇ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸਖ਼ਤ ਫੈਸਲਾ ਲਿਆ ਹੈ। ਸੂਚਨਾ ਤਕਨਾਲੋਜੀ (IT) ਮੰਤਰਾਲੇ ਨੇ ਚੀਨੀ ਐਪ 'BAT BMS' ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਤੁਰੰਤ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਈ-ਰਿਕਸ਼ਾ ਚਾਲਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਅਤੇ ਸੜਕੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਸਖ਼ਤ ਫੈਸਲਾ ਲਿਆ ਹੈ। ਸੂਚਨਾ ਤਕਨਾਲੋਜੀ (IT) ਮੰਤਰਾਲੇ ਨੇ ਚੀਨੀ ਐਪ 'BAT BMS' ਨੂੰ ਗੂਗਲ ਪਲੇਅ ਸਟੋਰ ਤੇ ਐਪਲ ਐਪ ਸਟੋਰ ਤੋਂ ਤੁਰੰਤ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। 

ਮੌਜ-ਮਸਤੀ ਲਈ ਹੋ ਰਹੀ ਸੀ ਦੁਰਵਰਤੋਂ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਅਜਿਹੇ ਕਈ ਵੀਡੀਓ ਵਾਇਰਲ ਹੋ ਰਹੇ ਸਨ, ਜਿਨ੍ਹਾਂ ਵਿਚ ਦੇਖਿਆ ਗਿਆ ਕਿ ਕੁਝ ਲੋਕ ਆਪਣੀ ਮੌਜ-ਮਸਤੀ ਲਈ ਇਸ ਐਪ ਰਾਹੀਂ ਸੜਕ 'ਤੇ ਚੱਲਦੇ ਈ-ਰਿਕਸ਼ਿਆਂ ਨੂੰ ਅਚਾਨਕ ਬੰਦ ਕਰ ਰਹੇ ਸਨ। ਇਸ ਨਾਲ ਨਾ ਸਿਰਫ਼ ਗਰੀਬ ਚਾਲਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ, ਸਗੋਂ ਚਲਦੇ ਵਾਹਨ ਦੇ ਅਚਾਨਕ ਰੁਕਣ ਕਾਰਨ ਭਿਆਨਕ ਸੜਕ ਹਾਦਸੇ ਹੋਣ ਦਾ ਖਤਰਾ ਵੀ ਬਣਿਆ ਹੋਇਆ ਸੀ। 

ਸੁਰੱਖਿਆ ਸਮੀਖਿਆ ਤੋਂ ਬਾਅਦ ਲਿਆ ਫੈਸਲਾ
ਸਰਕਾਰ ਨੇ ਐਪ ਦੇ ਸੁਰੱਖਿਆ ਪਹਿਲੂਆਂ ਅਤੇ ਡਾਟਾ ਪ੍ਰੋਟੈਕਸ਼ਨ ਦੀ ਗੰਭੀਰਤਾ ਨਾਲ ਸਮੀਖਿਆ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਹੈ। ਸਰਕਾਰ ਦਾ ਮੁੱਖ ਉਦੇਸ਼ ਦੇਸ਼ ਵਿੱਚ ਅਜਿਹੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨਾ ਹੈ ਜੋ ਭਰੋਸੇਮੰਦ ਅਤੇ ਸੁਰੱਖਿਅਤ ਹੋਵੇ, ਨਾ ਕਿ ਅਜਿਹੀ ਜੋ ਆਮ ਜਨਤਾ ਲਈ ਮੁਸੀਬਤ ਬਣੇ। 

ਕੀ ਸੀ ਐਪ ਦਾ ਅਸਲ ਕੰਮ?
ਇਹ ਐਪ ਚੀਨੀ ਕੰਪਨੀ 'Shenzhen Grenergy Technology' ਵੱਲੋਂ ਤਿਆਰ ਕੀਤੀ ਗਈ ਸੀ। ਇਸ ਦਾ ਅਸਲ ਕੰਮ ਬਲੂਟੁੱਥ ਰਾਹੀਂ ਲਿਥੀਅਮ ਬੈਟਰੀ ਦੀ ਚਾਰਜਿੰਗ, ਸਿਹਤ, ਤਾਪਮਾਨ ਅਤੇ ਵੋਲਟੇਜ ਦੀ ਵਾਇਰਲੈੱਸ ਤਰੀਕੇ ਨਾਲ ਨਿਗਰਾਨੀ ਕਰਨਾ ਸੀ। ਹਾਲਾਂਕਿ, ਕੁਝ ਲੋਕਾਂ ਨੇ ਇਸ ਦੇ 'ਬੈਟਰੀ ਮੈਨੇਜਮੈਂਟ ਸਿਸਟਮ' (BMS) ਇੰਟਰਫੇਸ ਦੀ ਦੁਰਵਰਤੋਂ ਕਰਕੇ ਦੂਜਿਆਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। 

ਸਰਕਾਰ ਦੇ ਇਸ ਫੈਸਲੇ ਨਾਲ ਈ-ਰਿਕਸ਼ਾ ਚਾਲਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਉਮੀਦ ਜਤਾਈ ਹੈ ਕਿ ਹੁਣ ਅਜਿਹੀਆਂ ਸ਼ਰਾਰਤਾਂ ਨੂੰ ਨੱਥ ਪਾਈ ਜਾ ਸਕੇਗੀ।