ਵੈਸ਼ਨੋ ਦੇਵੀ ਤੋਂ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਹਾਦਸਾਗ੍ਰਸਤ, ਦੇਹਰਾਦੂਨ ਦੇ ਵਿਅਕਤੀ ਦੀ ਮੌਤ, ਪਤਨੀ ਤੇ ਬੱਚੇ ਜ਼ਖ਼ਮੀ

ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਆਪਣੇ ਘਰ ਪਰਤ ਰਹੇ ਇੱਕ ਪਰਿਵਾਰ ਨਾਲ ਲੁਧਿਆਣਾ ਦੇ ਸਾਹਨੇਵਾਲ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ ਹਨ।
ਲੁਧਿਆਣਾ : ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਆਪਣੇ ਘਰ ਪਰਤ ਰਹੇ ਇੱਕ ਪਰਿਵਾਰ ਨਾਲ ਲੁਧਿਆਣਾ ਦੇ ਸਾਹਨੇਵਾਲ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਉਸਦੀ ਪਤਨੀ ਅਤੇ ਦੋ ਬੱਚੇ ਜ਼ਖ਼ਮੀ ਹੋ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ (46) ਵਜੋਂ ਹੋਈ ਹੈ, ਜੋ ਕਿ ਦੇਹਰਾਦੂਨ ਦੇ ਆਦਰਸ਼ ਨਗਰ ਦੇ ਰਹਿਣ ਵਾਲੇ ਸਨ ਅਤੇ ਇੱਕ ਨਿੱਜੀ ਨੌਕਰੀ ਕਰਦੇ ਸਨ। ਨਰਿੰਦਰ ਕੁਮਾਰ ਆਪਣੀ ਪਤਨੀ ਰਿਤੇਸ਼, ਪੁੱਤਰ ਯਸ਼ ਕੁਮਾਰ ਅਤੇ ਬੇਟੀ ਰਿਆ ਕੁਮਾਰੀ ਨਾਲ ਆਪਣੀ ਆਲਟੋ ਕਾਰ ਵਿੱਚ ਸਵਾਰ ਹੋ ਕੇ ਵਾਪਸ ਪਰਤ ਰਹੇ ਸਨ।

16 ਜੂਨ ਦੀ ਸਵੇਰ ਕਰੀਬ 4:30 ਵਜੇ, ਜਦੋਂ ਉਨ੍ਹਾਂ ਦੀ ਕਾਰ ਸਾਹਨੇਵਾਲ ਸਥਿਤ ਗੁਰਦੁਆਰਾ ਰੇਰੂ ਸਾਹਿਬ ਦੇ ਸਾਹਮਣੇ ਪਹੁੰਚੀ ਤਾਂ ਅੱਗੇ ਜਾ ਰਹੇ ਇੱਕ ਅਣਪਛਾਤੇ ਵਾਹਨ ਦੇ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਕਾਰਨ ਪਿੱਛੇ ਆ ਰਹੀ ਆਲਟੋ ਕਾਰ ਬੇਕਾਬੂ ਹੋ ਕੇ ਉਸ ਵਾਹਨ ਨਾਲ ਟਕਰਾ ਗਈ। ਹਾਦਸੇ ਵਿਚ ਨਰਿੰਦਰ ਕੁਮਾਰ ਦੇ ਸਿਰ ਵਿਚ ਗੰਭੀਰ ਸੱਟ ਲੱਗੀ ਸੀ।

ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਸੈਕਟਰ-32, ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਨਰਿੰਦਰ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਦੂਜੇ ਵਾਹਨ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।

ਥਾਣਾ ਸਾਹਨੇਵਾਲ ਦੀ ਪੁਲਸ ਨੇ ਮ੍ਰਿਤਕ ਦੇ ਰਿਸ਼ਤੇਦਾਰ ਰਜਨੀਸ਼ ਸ਼ਰਮਾ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 281, 106, 125(ਏ), 125(ਬੀ) ਅਤੇ 324(4) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਨੇੜੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਫ਼ਰਾਰ ਡਰਾਈਵਰ ਦਾ ਪਤਾ ਲਗਾਇਆ ਜਾ ਸਕੇ।