ਆਪ’ ਸਰਕਾਰ ਦੇ ਰਾਜ ’ਚ ਕਾਰੋਬਾਰ ਠੱਪ, 4 ਲੱਖ ਕਰੋੜ ਤੋਂ ਵੱਧ ਦੇ ਕਰਜ਼ ’ਚ ਡੁੱਬਿਆ ਪੰਜਾਬ

ਇਸ ਕਾਰਨ ਸੂਬੇ ’ਚ ਰੈਵਿਨਿਊ ਦੇ ਨਾਲ-ਨਾਲ ਰੁਜ਼ਗਾਰ ’ਚ ਵੀ ਵੱਡੀ ਘਾਟ ਵੇਖਣ ਨੂੰ ਮਿਲ ਰਹੀ ਹੈ। ਇਹ ਗੱਲ ਅੱਜ ਭਾਜਪਾ ਦੇ ਬੁਲਾਰੇ ਤੇ ਵਪਾਰੀ ਅਸ਼ੋਕ ਮਿੱਤਲ ਨੇ ਪੰਜਾਬ ਦੀ ਹਾਲਤ ’ਤੇ ਦੁੱਖ ਜਤਾਉਂਦੇ ਹੋਏ ਕਹੀ।
ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬ 4 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ’ਚ ਡੁੱਬ ਚੁੱਕਾ ਹੈ, ਕਿਉਂਕਿ ਵਪਾਰੀ ਆਪਣੇ ਵਪਾਰ ਦੇ ਵਿਸਥਾਰ ਲਈ ਹੋਰ ਰਾਜਾਂ ’ਚ ਇੰਡਸਟਰੀ ਲਗਾਉਣ ਲਈ ਨਿਕਲ ਪਏ ਹਨ। ਇਸ ਕਾਰਨ ਸੂਬੇ ’ਚ ਰੈਵਿਨਿਊ ਦੇ ਨਾਲ-ਨਾਲ ਰੁਜ਼ਗਾਰ ’ਚ ਵੀ ਵੱਡੀ ਘਾਟ ਵੇਖਣ ਨੂੰ ਮਿਲ ਰਹੀ ਹੈ। ਇਹ ਗੱਲ ਅੱਜ ਭਾਜਪਾ ਦੇ ਬੁਲਾਰੇ ਤੇ ਵਪਾਰੀ ਅਸ਼ੋਕ ਮਿੱਤਲ ਨੇ ਪੰਜਾਬ ਦੀ ਹਾਲਤ ’ਤੇ ਦੁੱਖ ਜਤਾਉਂਦੇ ਹੋਏ ਕਹੀ।

ਪੰਜਾਬ ’ਚ ਸਾਲ 2023–24 ਦੌਰਾਨ ਕੁੱਲ ਰੈਵਿਨਿਊ 1,22,346 ਕਰੋੜ ਰੁਪਏ ਇਕੱਠਾ ਹੋਇਆ ਸੀ, ਜੋ ਕਿ 2024–25 ’ਚ ਘਟ ਕੇ 93,236 ਕਰੋੜ ਰੁਪਏ ਰਹਿ ਗਿਆ। ਪੰਜਾਬ ’ਚ ਬਾਹਰੋਂ ਇੰਡਸਟਰੀ ਆਉਣਾ ਤਾਂ ਦੂਰ ਦੀ ਗੱਲ ਹੈ, ਇਥੇ ਲੱਗੀਆਂ ਉਦਯੋਗਿਕ ਇਕਾਈਆਂ ਵੀ ਆਪਣੇ ਵਿਸਥਾਰ ਲਈ ਝਾਰਖੰਡ, ਬਿਹਾਰ, ਉਤਰਾਖੰਡ ਤੇ ਗੁੜਗਾਓ ਵਰਗੇ ਸੂਬਿਆਂ ’ਚ ਆਪਣੇ ਯੂਨਿਟ ਸਥਾਪਤ ਕਰ ਰਹੀਆਂ ਹਨ, ਕਿਉਂਕਿ ਉਥੇ ਦੀਆਂ ਸਰਕਾਰਾਂ ਬਾਹਰੋਂ ਆਉਣ ਵਾਲੀ ਇੰਡਸਟਰੀ ਨੂੰ ਵੱਡੇ ਇਨਸੈਂਟਿਵ ਦੇ ਰਹੀਆਂ ਹਨ।

ਪੰਜਾਬ ਸਰਕਾਰ ਕੋਲ ਅਜੇ ਤੱਕ ਕੋਈ ਨਵੀਂ ਇੰਡਸਟਰੀਅਲ ਪਾਲਿਸੀ ਨਹੀਂ ਹੈ, ਜਿਸ ਨਾਲ ਇਹ ਪਤਾ ਲੱਗ ਸਕੇ ਕਿ ਪੰਜਾਬ ’ਚ ਉਦਯੋਗ ਲਗਾਉਣ ਵਾਲਿਆਂ ਨੂੰ ਕਿਹੜੀਆਂ ਸਹੂਲਤਾਂ ਮਿਲਣਗੀਆਂ। ਜਿਹੜੀਆਂ ਪੁਰਾਣੀਆਂ ਇੰਡਸਟਰੀਆਂ ਨੇ ਇਥੇ ਵਿਸਥਾਰ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਨੂੰ ਵੀ ਅਜੇ ਤੱਕ ਕੋਈ ਇਨਸੈਂਟਿਵ ਨਹੀਂ ਮਿਲਿਆ, ਜਿਸ ਕਰਕੇ ਉਨ੍ਹਾਂ ਨੂੰ ਆਪਣੇ ਯੂਨਿਟ ਬੰਦ ਕਰ ਹੋਰ ਰਾਜਾਂ ’ਚ ਜਾਣਾ ਪਿਆ। ਪੰਜਾਬ ਸਰਕਾਰ ਕੋਲ 10 ਅਜਿਹੇ ਯੂਨਿਟਾਂ ਦੇ ਨਾਮ ਵੀ ਨਹੀਂ ਹਨ ਜੋ ਇਹ ਦੱਸ ਸਕਣ ਕਿ ਉਨ੍ਹਾਂ ਨੇ ਪੰਜਾਬ ’ਚ ਆ ਕੇ ਕੋਈ ਨਿਵੇਸ਼ ਕੀਤਾ ਹੈ। ਲੁਧਿਆਣਾ ’ਚ ਟਾਟਾ ਸਟੀਲ ਦੇ ਯੂਨਿਟ ਤੋਂ ਇਲਾਵਾ ਕੋਈ ਹੋਰ ਵੱਡਾ ਉਦਯੋਗ ਨਹੀਂ ਜਿਸ ਦਾ ਸਰਕਾਰ ਦਾਅਵਾ ਕਰ ਸਕੇ ਕਿ ਉਹਨਾਂ ਦੇ ਸਮੇਂ ’ਚ ਆਇਆ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਨ੍ਹਾਂ ਦੇ ਮੰਤਰੀ ਕਾਗਜ਼ਾਂ ’ਚ ਇੱਕ ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਦੇ ਦਾਅਵੇ ਕਰ ਰਹੇ ਹਨ, ਪਰ ਜਦੋਂ ਪੁੱਛਿਆ ਜਾਂਦਾ ਹੈ ਕਿ ਕਿਹੜੇ ਯੂਨਿਟ ਦਾ ਕਿੰਨਾ ਨਿਵੇਸ਼ ਆ ਰਿਹਾ ਹੈ ਤਾਂ ਕਿਸੇ ਕੋਲ ਵੀ ਜਵਾਬ ਨਹੀਂ ਹੁੰਦਾ। ਪੰਜਾਬ ’ਚ ਇੰਡਸਟਰੀ ਬਾਹਰ ਜਾਣ ਕਾਰਨ ਰੁਜ਼ਗਾਰ ’ਚ ਵੱਡੀ ਕਮੀ ਆ ਗਈ ਹੈ। ਰੈਵਿਨਿਊ ਕੁਲੈਕਸ਼ਨ ਦਾ ਤਬਾਹੀ ਭਰਿਆ ਹਾਲ ਤਾਂ ਹੈ ਹੀ, ਨਾਲ ਹੀ ਬੇਰੁਜ਼ਗਾਰੀ ਵੀ ਸਿਖ਼ਰ ’ਤੇ ਪਹੁੰਚ ਰਹੀ ਹੈ, ਜਿਸ ਨਾਲ ਪੰਜਾਬ ’ਚ ਕਰਾਈਮ ਰੇਟ ਵੀ ਵਧਦਾ ਜਾ ਰਿਹਾ ਹੈ।

ਆਰਥਿਕ ਮੋਰਚੇ ਨਾਲ ਨਾਲ ਅਪਰਾਧ ’ਤੇ ਵੀ ਕਾਬੂ ਪਾਉਣ ’ਚ ‘ਆਪ’ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਲਈ ਲੋਕ ਹੁਣ 2027 ’ਚ ਪੰਜਾਬ ’ਚ ਭਾਜਪਾ ਨੂੰ ਦੇਖਣਾ ਚਾਹੁੰਦੇ ਹਨ ਕਿਉਂਕਿ ਹਰ ਪਾਰਟੀ ਦਾ ਰਾਜ ਪੰਜਾਬ ਦੇ ਲੋਕ ਵੇਖ ਚੁੱਕੇ ਹਨ। ਹੁਣ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਭਾਰੀ ਬਹੁਮਤ ਨਾਲ ਪੰਜਾਬ ’ਚ ਭਾਜਪਾ ਦੀ ਸਰਕਾਰ ਲਿਆਂਦੀ ਜਾਵੇ।