ਵਿਆਹ ਦੇ ਬੰਧਨ 'ਚ ਬੱਝੀ 'ਸਾਥ ਨਿਭਾਨਾ ਸਾਥੀਆ' ਦੀ ਅਦਾਕਾਰਾ, ਸਾਂਝੀਆਂ ਕੀਤੀਆਂ ਤਸਵੀਰਾਂ

ਮਸ਼ਹੂਰ ਅਦਾਕਾਰਾ ਜੀਆ ਮਾਨੇਕ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਸਨੇ ਟੀਵੀ ਅਦਾਕਾਰ ਵਰੁਣ ਜੈਨ ਨਾਲ ਸੱਤ ਫੇਰੇ ਲਏ।

ਟੀਵੀ ਦੇ ਮਸ਼ਹੂਰ ਸ਼ੋਅ 'ਸਾਥ ਨਿਭਾਨਾ ਸਾਥੀਆ' ਦੀ ਮਸ਼ਹੂਰ ਅਦਾਕਾਰਾ ਜੀਆ ਮਾਨੇਕ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਸਨੇ ਟੀਵੀ ਅਦਾਕਾਰ ਵਰੁਣ ਜੈਨ ਨਾਲ ਸੱਤ ਫੇਰੇ ਲਏ। ਜੀਆ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਖੁਸ਼ਖਬਰੀ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਜੀਆ ਮਾਨੇਕ ਲੰਬੇ ਸਮੇਂ ਤੋਂ ਟੀਵੀ ਇੰਡਸਟਰੀ ਤੋਂ ਦੂਰ ਹੈ ਪਰ ਹੁਣ ਉਸ ਦੇ ਵਿਆਹ ਦੀਆਂ ਤਸਵੀਰਾਂ ਅਤੇ ਖ਼ਬਰਾਂ ਉਸਦੇ ਪ੍ਰਸ਼ੰਸਕਾਂ ਲਈ ਇੱਕ ਖਾਸ ਤੋਹਫ਼ਾ ਸਾਬਤ ਹੋਈਆਂ ਹਨ। ਦੋਵਾਂ ਨੇ ਇੰਸਟਾਗ੍ਰਾਮ 'ਤੇ ਵਿਆਹ ਦੀਆਂ ਦੋ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਉਨ੍ਹਾਂ ਨੇ ਇੱਕ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ ਵੀ ਲਿਖਿਆ ਹੈ।ਜੀਆ ਅਤੇ ਵਰੁਣ ਨੇ ਆਪਣੀ ਪੋਸਟ ਵਿੱਚ ਲਿਖਿਆ: “ਪ੍ਰਮਾਤਮਾ ਦੀ ਕਿਰਪਾ ਅਤੇ ਢੇਰ ਸਾਰੇ ਪਿਆ ਨਾਲ ਅਸੀਂ ਅੱਜ ਹਮੇਸ਼ਾ ਲਈ ਇਕ ਹੋ ਗਏ ਹਾਂ- ਹੱਥਾਂ ਵਿੱਚ ਹੱਥ ਫੜਕੇ, ਦਿਲ ਨਾਲ ਦਿਲ ਮਿਲਾ ਕੇ। ਦੋਸਤ ਤੋਂ ਹੁਣ ਅਸੀਂ ਪਤੀ-ਪਤਨੀ ਬਣ ਗਏ ਹਾਂ।” ਜੋੜੇ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੇ ਵਿਆਹ ਨੂੰ ਖ਼ਾਸ ਬਣਾਇਆ।

ਵਰੁਣ ਜੈਨ ਨੇ ‘ਦੀਆ ਔਰ ਬਾਤੀ ਹਮ’ ਵਿੱਚ ਮੋਹਿਤ ਰਾਠੀ ਦਾ ਕਿਰਦਾਰ ਨਿਭਾਇਆ ਸੀ। ਦੂਜੇ ਪਾਸੇ, ਜੀਆ ਮੈਨੇਕ ਨੇ ‘ਜੀਨੀ ਔਰ ਜੂਜੂ’, ‘ਤੇਰਾ ਮੇਰਾ ਸਾਥ ਰਹੇ’ ਵਰਗੇ ਸ਼ੋਅਜ਼ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਵਿਖਾਇਆ ਹੈ। ਉਹ 'ਝਲਕ ਦਿਖਲਾ ਜਾ 5' ਅਤੇ ਬਾਕਸ ਕ੍ਰਿਕਟ ਲੀਗ ਸੀਜ਼ਨ 1 ਦਾ ਹਿੱਸਾ ਵੀ ਰਹੀ। ਟੀਵੀ ‘ਚ ਆਉਣ ਤੋਂ ਪਹਿਲਾਂ ਉਹ 2010 ਦੀ ਹਿੰਦੀ ਫ਼ਿਲਮ ‘ਨਾ ਘਰ ਕੇ ਨਾ ਘਾਟ ਕੇ’ ਵਿੱਚ ਇੱਕ ਛੋਟੇ ਕਿਰਦਾਰ ਵਿੱਚ ਵੀ ਨਜ਼ਰ ਆਈ ਸੀ।