ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਸਰਜਰੀ ਤੋਂ ਪਹਿਲਾਂ ਦਾ ਆਖਰੀ ਵੀਡੀਓ ਆਇਆ ਸਾਹਮਣੇ, ਕਿਹਾ 'ਮੈਂ ਸੁਰੱਖਿਅਤ ਹੱਥਾਂ ਵਿੱਚ ਹਾਂ'

ਵਰਿੰਦਰ ਘੁੰਮਣ, ਜਿਸ ਨੂੰ 'ਦ ਹੀਮੈਨ ਆਫ਼ ਇੰਡੀਆ' ਦਾ ਨਾਮ ਮਿਲਿਆ ਸੀ, ਦਾ 43 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ।
ਪੰਜਾਬ ਦੇ ਜਲੰਧਰ ਨਾਲ ਸੰਬੰਧ ਰੱਖਣ ਵਾਲੇ ਅਤੇ ਦੁਨੀਆ ਦੇ ਪਹਿਲੇ ਸ਼ਾਕਾਹਾਰੀ ਬਾਡੀ ਬਿਲਡਰ ਵਜੋਂ ਜਾਣੇ ਜਾਂਦੇ ਵਰਿੰਦਰ ਘੁੰਮਣ ਦੀ ਸਰਜਰੀ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਘੁੰਮਣ ਨੇ ਸਰਜਰੀ ਬਾਰੇ ਗੱਲ ਕੀਤੀ ਅਤੇ ਲੋਕਾਂ ਨੂੰ ਆਪਣੇ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਸੀ।

ਵਰਿੰਦਰ ਘੁੰਮਣ, ਜਿਸ ਨੂੰ 'ਦ ਹੀਮੈਨ ਆਫ਼ ਇੰਡੀਆ' ਦਾ ਨਾਮ ਮਿਲਿਆ ਸੀ, ਦਾ 43 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ 9 ਅਕਤੂਬਰ ਨੂੰ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਇੱਕ ਅਪਰੇਸ਼ਨ ਦੌਰਾਨ ਦੋ ਦਿਲ ਦੇ ਦੌਰੇ ਪੈਣ ਕਾਰਨ ਹੋਈ ਸੀ। ਉਹ ਇੱਕ ਸ਼ੁੱਧ ਸ਼ਾਕਾਹਾਰੀ ਪਹਿਲਵਾਨ ਸਨ, ਜਿਨ੍ਹਾਂ ਨੇ ਦੇਸ਼ ਲਈ ਮੈਡਲ ਜਿੱਤੇ ਅਤੇ ਤਿਰੰਗੇ ਦਾ ਮਾਣ ਰੱਖਿਆ। ਸਰਜਰੀ ਤੋਂ ਪਹਿਲਾਂ ਦੀ ਇਸ ਵੀਡੀਓ ਵਿੱਚ, ਵਰਿੰਦਰ ਘੁੰਮਣ ਨੇ ਡਾਕਟਰਾਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਇਹ ਆਮ ਲੋਕਾਂ ਲਈ ਭਾਵੇਂ ਆਮ ਗੱਲ ਹੈ ਪਰ ਇੱਕ ਖਿਡਾਰੀ ਵਜੋਂ ਉਨ੍ਹਾਂ ਲਈ ਇਹ ਆਪਰੇਸ਼ਨ ਬਹੁਤ ਜ਼ਰੂਰੀ ਹੈ। ਉਨ੍ਹਾਂ ਦੇ ਅੰਤਿਮ ਸ਼ਬਦਾਂ ਵਿੱਚ ਇਹ ਸ਼ਾਮਲ ਸੀ: "ਮੈਂ ਹੁਣ ਸਭ ਤੋਂ ਸੁਰੱਖਿਅਤ ਹੱਥਾਂ ਵਿੱਚ ਹਾਂ... ਡਾਕਟਰ ਸਾਹਿਬ, ਬੱਸ ਰਿਕਵਰੀ ਕਰਵਾ ਦਿਓ ਫਟਾਫਟ। ਮੈਂ ਚਾਰ ਪੰਜ ਮਹੀਨਿਆਂ ਤੋਂ ਥੋੜ੍ਹਾ ਆਊਟ ਆਫ਼ ਸ਼ੇਪ ਹੋ ਗਿਆ ਹਾਂ। ਮੈਂ ਜਲਦੀ ਹੀ ਆਪਣੇ ਸਰੀਰ ਨੂੰ ਫਿਰ ਤੋਂ ਸ਼ੇਪ ਵਿੱਚ ਲਿਆਉਣਾ ਚਾਹੁੰਦਾ ਹਾਂ"। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਲਦੀ ਆਪਣੇ ਖੇਡ ਕਰੀਅਰ ਵਿੱਚ ਵਾਪਸੀ ਚਾਹੁੰਦੇ ਹਨ।

ਇਸ ਵੀਡੀਓ ਵਿੱਚ, ਡਾਕਟਰ ਨੇ ਦੱਸਿਆ ਸੀ ਕਿ ਵਰਿੰਦਰ ਘੁੰਮਣ ਦੀਆਂ ਮਾਸਪੇਸ਼ੀਆਂ ਵਿੱਚ ਖਿੱਚ ਆਈ ਹੈ ਅਤੇ ਉਹ ਇਸ ਨੂੰ ਰਿਪੇਅਰ ਕਰਨ ਜਾ ਰਹੇ ਹਨ। ਡਾਕਟਰ ਦੇ ਅਨੁਸਾਰ, ਤਿੰਨ ਮਾਸਪੇਸ਼ੀਆਂ ਵਿੱਚ ਖਿੱਚ ਨਜ਼ਰ ਆਇਆ ਸੀ, ਜਿਨ੍ਹਾਂ ਨੂੰ ਸੂਚਰ ਐਂਕਰ ਦੀ ਮਦਦ ਨਾਲ ਦੂਰਬੀਨ (keyhole) ਸਰਜਰੀ ਰਾਹੀਂ ਠੀਕ ਕਰਨ ਦੀ ਯੋਜਨਾ ਸੀ। ਘੁੰਮਣ ਨੇ ਇਹ ਵੀ ਦੱਸਿਆ ਸੀ ਕਿ ਡਾਕਟਰ ਸਾਹਿਬ (ਡਾ. ਤਪੇਸ਼ ਸ਼ੁਕਲਾ) ਮੁੰਬਈ ਤੋਂ ਆਏ ਸਨ ਅਤੇ ਉਨ੍ਹਾਂ ਦਿਨਾਂ ਵਿੱਚ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿੱਚ ਕੰਮ ਕਰ ਰਹੇ ਸਨ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਕੰਟੈਂਟ ਕ੍ਰਿਏਟਰ ਰੱਬੀ ਬਾਜਵਾ ਨੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਬਾਜਵਾ ਨੇ ਲਿਖਿਆ ਕਿ ਘੁੰਮਣ ਨੂੰ ਕੋਈ ਬਿਮਾਰੀ ਨਹੀਂ ਸੀ ਅਤੇ ਉਨ੍ਹਾਂ ਦੀ ਮੌਤ ਸਰਜਰੀ ਤੋਂ ਬਾਅਦ ਡਾਕਟਰਾਂ ਦੀ ਲਾਪਰਵਾਹੀ ਦਾ ਨਤੀਜਾ ਹੈ। ਘੁੰਮਣ ਦੇ ਦੋਸਤਾਂ ਦੀ ਅੰਮ੍ਰਿਤਸਰ ਵਿੱਚ ਡਾਕਟਰਾਂ ਨਾਲ ਬਹਿਸ ਵੀ ਹੋਈ ਸੀ, ਜਿੱਥੇ ਦੋਸਤ ਅਨਿਲ ਗਿੱਲ ਨੇ ਮੰਗ ਕੀਤੀ ਸੀ ਕਿ ਜਾਂਚ ਹੋਵੇ ਕਿ ਅਚਾਨਕ ਘੁੰਮਣ ਦਾ ਸਰੀਰ ਨੀਲਾ ਕਿਵੇਂ ਪੈ ਗਿਆ।

ਰੱਬੀ ਬਾਜਵਾ ਨੇ ਭਾਰਤ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਵਰਿੰਦਰ ਘੁੰਮਣ ਦੇ ਕੇਸ ਦੀ ਉੱਚ ਪੱਧਰੀ ਮੈਡੀਕਲ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਡਾਕਟਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਉਸਨੇ ਇਹ ਵੀ ਐਲਾਨ ਕੀਤਾ ਕਿ ਉਹ ਲੋੜਵੰਦ ਖਿਡਾਰੀਆਂ ਦੀ ਮਦਦ ਲਈ ਵਰਿੰਦਰ ਘੁੰਮਣ ਫਾਊਂਡੇਸ਼ਨ ਸਥਾਪਿਤ ਕਰੇਗਾ ਅਤੇ ਜਲਦ ਹੀ ਘੁੰਮਣ ਦੀ ਹਿੰਦੀ ਫਿਲਮ 'ਹੀ ਮੈਨ' ਰਿਲੀਜ਼ ਕਰੇਗਾ। ਉਹ ਇਹ ਵੀ ਚਾਹੁੰਦਾ ਹੈ ਕਿ ਉਨ੍ਹਾਂ ਦੇ ਨਾਮ 'ਤੇ ਯਾਦਗਾਰਾਂ, ਰਾਜਮਾਰਗ ਅਤੇ ਬੁੱਤ ਸਥਾਪਿਤ ਕੀਤੇ ਜਾਣ। ਘੁੰਮਣ ਨੇ ਸਲਮਾਨ ਖਾਨ ਨਾਲ ਵੀ ਕੰਮ ਕੀਤਾ ਸੀ ਅਤੇ ਨਵੇਂ ਘਰ ਵਿੱਚ ਸ਼ਿਫਟ ਹੋਣ ਵਾਲੇ ਸਨ।