ਅੰਮ੍ਰਿਤਸਰ ਦੀ ਦਾਣਾ ਮੰਡੀ 'ਚ ਖੂਨੀ ਖੇਡ! 100 ਰਾਊਂਡ ਫਾਇਰਿੰਗ ਦੌਰਾਨ ਪੰਚ ਦਾ ਕਤਲ

ਅੰਮ੍ਰਿਤਸਰ ਦੇ ਘਰਿੰਡਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਭਕਨਾ ਕਲਾਂ ਦੀ ਦਾਣਾ ਮੰਡੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ਨੇ ਖੂਨੀ ਰੂਪ ਧਾਰ ਲਿਆ। ਪੁਰਾਣੀ ਰੰਜਿਸ਼ ਦੇ ਚਲਦਿਆਂ ਦੋਵਾਂ ਧਿਰਾਂ ਵਿਚਾਲੇ ਹੋਈ ਅੰਧਾਧੁੰਦ ਫਾਇਰਿੰਗ ਵਿੱਚ ਇੱਕ ਪੰਚ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।
ਅੰਮ੍ਰਿਤਸਰ : ਅੰਮ੍ਰਿਤਸਰ ਦੇ ਘਰਿੰਡਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਭਕਨਾ ਕਲਾਂ ਦੀ ਦਾਣਾ ਮੰਡੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਦੋ ਗੁੱਟਾਂ ਵਿਚਾਲੇ ਹੋਈ ਹਿੰਸਕ ਝੜਪ ਨੇ ਖੂਨੀ ਰੂਪ ਧਾਰ ਲਿਆ। ਪੁਰਾਣੀ ਰੰਜਿਸ਼ ਦੇ ਚਲਦਿਆਂ ਦੋਵਾਂ ਧਿਰਾਂ ਵਿਚਾਲੇ ਹੋਈ ਅੰਧਾਧੁੰਦ ਫਾਇਰਿੰਗ ਵਿੱਚ ਇੱਕ ਪੰਚ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ।

ਡੀ.ਐੱਸ.ਪੀ. ਅਟਾਰੀ ਯਾਦਵਿੰਦਰ ਸਿੰਘ ਅਨੁਸਾਰ, ਸਰਪੰਚ ਗੁਰਦੀਪ ਸਿੰਘ ਅਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਉਰਫ਼ ਬੱਲੂ ਵਿਚਾਲੇ ਸਰਪੰਚੀ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਦੋਵਾਂ ਧਿਰਾਂ ਨੇ ਆਪਸੀ ਟਕਰਾਅ ਲਈ ਸਮਾਂ ਤੈਅ ਕੀਤਾ ਸੀ ਅਤੇ 10 ਤੋਂ 15 ਗੱਡੀਆਂ ਵਿੱਚ ਆਪਣੇ ਹਥਿਆਰਬੰਦ ਸਮਰਥਕਾਂ ਸਮੇਤ ਦਾਣਾ ਮੰਡੀ ਪਹੁੰਚੇ ਸਨ। ਉੱਥੇ ਪਹਿਲਾਂ ਦੋਵਾਂ ਧਿਰਾਂ ਵਿੱਚ ਜ਼ੋਰਦਾਰ ਬਹਿਸ ਹੋਈ, ਜੋ ਕੁਝ ਹੀ ਦੇਰ ਵਿੱਚ ਗੋਲੀਬਾਰੀ ਵਿੱਚ ਬਦਲ ਗਈ।

100 ਰਾਊਂਡ ਫਾਇਰਿੰਗ ਅਤੇ ਮੌਤ
ਚਸ਼ਮਦੀਦਾਂ ਅਨੁਸਾਰ ਦੋਵਾਂ ਪਾਸਿਆਂ ਤੋਂ ਲਗਭਗ 100 ਰਾਊਂਡ ਫਾਇਰਿੰਗ ਹੋਈ। ਇਸ ਗੋਲੀਬਾਰੀ ਵਿੱਚ ਪ੍ਰਗਟ ਸਿੰਘ ਪੱਖ ਦੇ ਪੰਚ ਗੁਰਸ਼ਰਨ ਸਿੰਘ ਉਰਫ਼ ਚੀਨੀ ਦੇ ਗਲੇ ਅਤੇ ਪੇਟ ਵਿੱਚ ਗੋਲੀਆਂ ਲੱਗੀਆਂ, ਜਿਸ ਕਾਰਨ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਵਿੱਚ ਸੁਖਮਨ ਨਾਮ ਦਾ ਇੱਕ ਹੋਰ ਨੌਜਵਾਨ ਜ਼ਖ਼ਮੀ ਹੋਇਆ ਹੈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਸ ਨੇ ਕਾਰਵਾਈ ਕਰਦਿਆਂ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਸੁਖਮਨ ਨੂੰ ਵੀ ਪੁਲਸ ਹਿਰਾਸਤ ਵਿੱਚ ਲਿਆ ਗਿਆ ਹੈ। ਡੀ.ਐਸ.ਪੀ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤੇ ਗਏ ਹਥਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਰਾਰ ਹੋਏ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ।