ਬਿਕਰਮ ਮਜੀਠੀਆ ਨੂੰ ਅਜੇ ਨਹੀਂ ਮਿਲੀ ਰਾਹਤ, ਜ਼ਮਾਨਤ ਤੇ ਸੁਣਵਾਈ ਹੁਣ 25 ਜੁਲਾਈ ਨੂੰ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਫ਼ਿਲਹਾਲ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਤੋਂ ਰਾਹਤ ਨਹੀਂ ਮਿਲੀ। ਮਜੀਠੀਆ ਵੱਲੋਂ ਦਾਇਰ ਕੀਤੀ ਗਈ ਰੈਗੂਲਰ ਬੇਲ ਦੀ ਅਰਜ਼ੀ 'ਤੇ ਸਰਕਾਰ ਵੱਲੋਂ ਜਵਾਬ ਦਾਖ਼ਲ ਕਰਨ ਲਈ ਹੋਰ ਸਮਾਂ ਮੰਗਿਆ ਗਿਆ, ਜਿਸਨੂੰ ਮੰਨਦੇ ਹੋਏ ਅਦਾਲਤ ਨੇ ਹੁਣ 25 ਜੁਲਾਈ ਦੀ ਤਾਰੀਖ਼ ਸੁਣਵਾਈ ਲਈ ਨਿਰਧਾਰਤ ਕੀਤੀ ਹੈ।

ਇਸੇ ਦਿਨ ਮਜੀਠੀਆ ਦੀ ਬੈਰਕ ਤਬਦੀਲ ਕਰਨ ਲਈ ਵਕੀਲਾਂ ਵੱਲੋਂ ਦਾਇਰ ਕੀਤੀ ਅਰਜ਼ੀ 'ਤੇ ਵੀ ਸੁਣਵਾਈ ਹੋਏਗੀ। ਵਕੀਲਾਂ ਨੇ ਦਲੀਲ ਦਿੱਤੀ ਕਿ ਮਜੀਠੀਆ ਨੂੰ ਜੇਲ੍ਹ ਵਿੱਚ ਕਿਸ ਹਾਲਤ ਵਿੱਚ ਰੱਖਿਆ ਜਾ ਰਿਹਾ ਹੈ, ਇਸ ਬਾਰੇ ਅਗਲੀ ਮਿਤੀ 'ਤੇ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ।

ਇਸ ਤੋਂ ਇਲਾਵਾ, ਮਜੀਠੀਆ ਪੱਖ ਵੱਲੋਂ ਗਰਾਊਂਡ ਆਫ ਅਰੈਸਟ ਦੀ ਕਾਪੀ ਮੰਗਣ ਲਈ ਜੋ ਅਰਜ਼ੀ ਦਾਇਰ ਕੀਤੀ ਗਈ ਸੀ, ਉਸਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ ਅਤੇ ਅਧਿਕਾਰਤ ਦਸਤਾਵੇਜ਼ ਮਜੀਠੀਆ ਦੇ ਵਕੀਲਾਂ ਨੂੰ ਮੁਹੱਈਆ ਕਰਵਾ ਦਿੱਤੇ ਗਏ ਹਨ।