ਪੰਜਾਬ 'ਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ! ਫਿਰੋਜ਼ਪੁਰ-ਜੰਮੂ ਟ੍ਰੇਨ ਨੂੰ ਉਡਾਉਣ ਦੀ ਸੀ ਤਿਆਰੀ; 17 ਗ੍ਰਿਫਤਾਰ

ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸੂਬੇ ਨੂੰ ਦਹਿਲਾਉਣ ਦੀ ਇੱਕ ਭਿਆਨਕ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਫਿਰੋਜ਼ਪੁਰ ਤੋਂ ਜੰਮੂ ਜਾਣ ਵਾਲੀ ਟ੍ਰੇਨ ਵਿੱਚ ਆਈ.ਈ.ਡੀ. ਲਗਾ ਕੇ ਇੱਕ ਵੱਡਾ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ।
ਮੋਹਾਲੀ : ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸੂਬੇ ਨੂੰ ਦਹਿਲਾਉਣ ਦੀ ਇੱਕ ਭਿਆਨਕ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 17 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਫਿਰੋਜ਼ਪੁਰ ਤੋਂ ਜੰਮੂ ਜਾਣ ਵਾਲੀ ਟ੍ਰੇਨ ਵਿੱਚ ਆਈ.ਈ.ਡੀ. ਲਗਾ ਕੇ ਇੱਕ ਵੱਡਾ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ। 

ਭਾਰੀ ਮਾਤਰਾ ਵਿੱਚ ਅਸਲ੍ਹਾ ਬਰਾਮਦ
ਮੋਗਾ ਪੁਲਿਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED), ਵਿਸਫੋਟਕ ਸਮੱਗਰੀ, ਇਲੈਕਟ੍ਰਾਨਿਕ ਡੇਟੋਨੇਟਰ ਅਤੇ ਮੈਗਜ਼ੀਨ ਸਮੇਤ ਇੱਕ 9 ਐੱਮ.ਐੱਮ. ਦੀ ਗਲਾਕ ਪਿਸਟਲ ਬਰਾਮਦ ਕੀਤੀ ਗਈ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਇਸ ਸਫਲਤਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਕੇ ਵੱਡੀ ਤਬਾਹੀ ਨੂੰ ਟਾਲ ਦਿੱਤਾ ਹੈ।

ਬਰਤਾਨੀਆ ਨਾਲ ਜੁੜੇ ਤਾਰ
ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਪੂਰੀ ਸਾਜ਼ਿਸ਼ ਦਾ ਮਾਸਟਰਮਾਈਂਡ ਇਕਬਾਲ ਸਿੰਘ ਉਰਫ਼ ਰਵੀ ਧਾਲੀਵਾਲ ਹੈ, ਜੋ ਇਸ ਸਮੇਂ ਬਰਤਾਨੀਆ (UK) ਵਿੱਚ ਰਹਿ ਰਿਹਾ ਹੈ ਅਤੇ ਉੱਥੋਂ ਹੀ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਹੈ। ਪੁਲਿਸ ਮੁਤਾਬਕ, ਉਸੇ ਦੇ ਨਿਰਦੇਸ਼ਾਂ 'ਤੇ ਮੁਲਜ਼ਮਾਂ ਨੇ ਪਹਿਲਾਂ ਮੋਗਾ ਦੇ ਸਦਰ ਥਾਣੇ 'ਤੇ ਗ੍ਰਨੇਡ ਹਮਲਾ ਵੀ ਕੀਤਾ ਸੀ। 

ਸਖ਼ਤ ਕਾਨੂੰਨੀ ਕਾਰਵਾਈ ਅਤੇ ਜਾਂਚ ਜਾਰੀ
ਪੁਲਿਸ ਨੇ ਇਸ ਮਾਮਲੇ ਵਿੱਚ ਮੋਗਾ ਦੇ ਸਦਰ ਥਾਣੇ ਵਿੱਚ ਭਾਰਤੀ ਨਿਆ ਸੰਹਿਤਾ (BNS), ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (UAPA), ਵਿਸਫੋਟਕ ਪਦਾਰਥ ਐਕਟ ਅਤੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਸਬੰਧੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੂਰੇ ਅੱਤਵਾਦੀ ਨੈੱਟਵਰਕ ਦਾ ਪਤਾ ਲਗਾਉਣ ਅਤੇ ਇਸ ਵਿੱਚ ਸ਼ਾਮਲ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਲਈ ਛਾਪੇਮਾਰੀ ਜਾਰੀ ਹੈ। ਸੂਬੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਵਿਰੁੱਧ ਸਖ਼ਤੀ ਜਾਰੀ ਰਹੇਗੀ।