ਪੰਜਾਬ ਦੇ ਸਾਬਕਾ DGP ਮੁਸਤਫਾ ਨੂੰ ਵੱਡਾ ਸਦਮਾ, ਪੁੱਤਰ ਦਾ ਦੇਹਾਂਤ

ਦੱਸਣਯੋਗ ਹੈ ਕਿ ਆਕਿਲ ਦੀ ਮੌਤ ਪਿੱਛੇ ਦਵਾਈ ਦੀ ਵੱਧ ਖੁਰਾਕ ਲਏ ਜਾਣਾ ਦੱਸਿਆ ਜਾ ਰਿਹਾ ਹੈ। ਆਕਿਲ ਦੀ ਮਾਂ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਹੈ।
ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਆਕਿਲ ਦਾ ਵੀਰਵਾਰ ਰਾਤ ਦੇਹਾਂਤ ਹੋ ਗਿਆ। ਉਸ ਦੀ ਮੌਤ ਤੋਂ ਬਾਅਦ, ਉਸ ਦੀ ਲਾਸ਼ ਨੂੰ ਹਰਿਆਣਾ ਦੇ ਪੰਚਕੂਲਾ ਦੇ ਸੈਕਟਰ 6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪੋਸਟਮਾਰਟਮ ਕੀਤਾ ਗਿਆ। ਫਿਰ ਪਰਿਵਾਰ ਲਾਸ਼ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਲੈ ਗਿਆ, ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨੌਜਵਾਨ ਦੀ ਉਮਰ 35 ਸਾਲ ਦੇ ਕਰੀਬ ਸੀ, ਜਿਸ ਦੀ ਮੌਤ ਦੇ ਕਾਰਨਾਂ ਪਿੱਛੇ ਅਜੇ ਤੱਕ ਕੁੱਝ ਸਪੱਸ਼ਟ ਸਾਹਮਣੇ ਨਹੀਂ ਆਇਆ ਹੈ।

ਦੱਸਣਯੋਗ ਹੈ ਕਿ ਆਕਿਲ ਦੀ ਮੌਤ ਪਿੱਛੇ ਦਵਾਈ ਦੀ ਵੱਧ ਖੁਰਾਕ ਲਏ ਜਾਣਾ ਦੱਸਿਆ ਜਾ ਰਿਹਾ ਹੈ। ਆਕਿਲ ਦੀ ਮਾਂ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਹੈ। ਉਸ ਦੇ ਪਿਤਾ 2021 ਵਿੱਚ ਪੰਜਾਬ ਦੇ ਡੀਜੀਪੀ ਵਜੋਂ ਸੇਵਾਮੁਕਤ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਸਰਗਰਮ ਹੋ ਗਏ ਸਨ। ਉਹ ਨਵਜੋਤ ਸਿੰਘ ਸਿੱਧੂ ਦੇ ਬਹੁਤ ਨੇੜੇ ਰਹੇ ਹਨ, ਸਿੱਧੂ ਦੇ ਸਲਾਹਕਾਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।

ਦੋ ਬੱਚਿਆਂ ਦੇ ਪਿਤਾ ਸੀ ਆਕਿਲ

ਆਕਿਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਆਕਿਲ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਉਸਦੇ ਪਿਤਾ, ਸਾਬਕਾ ਡੀਜੀਪੀ ਮੁਹੰਮਦ ਮੁਸਤਫਾ, ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਵੇਰੇ ਤੜਕੇ ਸਹਾਰਨਪੁਰ ਜ਼ਿਲ੍ਹੇ ਦੇ ਹਰਦਾ ਵਿੱਚ ਆਪਣੇ ਜੱਦੀ ਪਿੰਡ ਲਈ ਰਵਾਨਾ ਹੋ ਗਏ।


ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਹੈ। ਉਹ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਸੀ। ਰਜ਼ੀਆ ਨੂੰ 2022 ਵਿੱਚ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਵੀ ਨਾਮਜ਼ਦ ਕੀਤਾ ਸੀ। 2022 ਦੀਆਂ ਮਲੇਰਕੋਟਲਾ ਵਿਧਾਨ ਸਭਾ ਚੋਣਾਂ ਵਿੱਚ, 'ਆਪ' ਦੇ ਮੁਹੰਮਦ ਜਮੀਲ ਉਰ ਰਹਿਮਾਨ ਨੇ ਕਾਂਗਰਸ ਪਾਰਟੀ ਦੀ ਰਜ਼ੀਆ ਸੁਲਤਾਨਾ ਨੂੰ 21,686 ਵੋਟਾਂ ਦੇ ਫਰਕ ਨਾਲ ਹਰਾਇਆ। ਮੁਹੰਮਦ ਮੁਸਤਫਾ ਨੂੰ ਪੰਜ ਬਹਾਦਰੀ ਪੁਰਸਕਾਰ ਵੀ ਮਿਲੇ ਹਨ। ਉਹ 28 ਫਰਵਰੀ, 2021 ਨੂੰ ਸੇਵਾਮੁਕਤ ਹੋਏ।