ਡੇਰਾ ਬਿਆਸ ਨੂੰ ਵੱਡੀ ਰਾਹਤ: ਹੁਣ ਹਿਮਾਚਲ ਵਿੱਚ ਜ਼ਮੀਨ ਆਪਣੇ ਨਾਂ ਕਰ ਸਕਣਗੇ ਸੰਸਥਾਨ

ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਲੈਂਡ ਸੀਲਿੰਗ ਐਕਟ ਵਿੱਚ ਸੋਧ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਇਹ ਸੰਸਥਾਵਾਂ ਹਿਮਾਚਲ ਪ੍ਰਦੇਸ਼ ਵਿੱਚ 30 ਏਕੜ ਤੱਕ ਜ਼ਮੀਨ ਆਪਣੇ ਨਾਮ ਕਰਵਾ ਸਕਣਗੀਆਂ।
ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਸਮੇਤ ਧਾਰਮਿਕ ਅਤੇ ਅਧਿਆਤਮਕ ਸੰਸਥਾਵਾਂ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਲੈਂਡ ਸੀਲਿੰਗ ਐਕਟ ਵਿੱਚ ਸੋਧ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਇਹ ਸੰਸਥਾਵਾਂ ਹਿਮਾਚਲ ਪ੍ਰਦੇਸ਼ ਵਿੱਚ 30 ਏਕੜ ਤੱਕ ਜ਼ਮੀਨ ਆਪਣੇ ਨਾਮ ਕਰਵਾ ਸਕਣਗੀਆਂ।

ਪਹਿਲਾਂ ਲੈਂਡ ਸੀਲਿੰਗ ਐਕਟ 1972 ਦੇ ਤਹਿਤ ਕਿਸੇ ਵੀ ਸੰਸਥਾ ਜਾਂ ਨਿੱਜੀ ਵਿਅਕਤੀ ਲਈ ਹਿਮਾਚਲ ਵਿੱਚ ਜ਼ਮੀਨ ਨੂੰ ਆਪਣੇ ਨਾਮ ਟਰਾਂਸਫਰ ਕਰਵਾਉਣਾ ਸੰਭਵ ਨਹੀਂ ਸੀ। ਨਵੇਂ ਫ਼ੈਸਲੇ ਨਾਲ ਇਸ ਪਾਬੰਦੀ ਵਿੱਚ ਢਿੱਲ ਦਿੱਤੀ ਗਈ ਹੈ, ਜਿਸਨੂੰ ਧਾਰਮਿਕ ਸੰਸਥਾਵਾਂ ਲਈ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।

ਇਸ ਫ਼ੈਸਲੇ ਨਾਲ ਹਮੀਰਪੁਰ ਦੇ ਭੋਟਾ ਸ਼ਹਿਰ ਵਿੱਚ ਸਥਿਤ ਇੱਕ ਪ੍ਰਸਿੱਧ ਚੈਰੀਟੇਬਲ ਹਸਪਤਾਲ ਨੂੰ ਵੀ ਵੱਡੀ ਰਾਹਤ ਮਿਲੀ ਹੈ। ਇਹ ਹਸਪਤਾਲ ਡੇਰਾ ਬਿਆਸ ਨਾਲ ਸੰਬੰਧਿਤ ਹੈ ਅਤੇ ਹੁਣ ਇਸ ਦੀ ਜ਼ਮੀਨ ਨੂੰ ਮਹਾਰਾਜ ਜਗਤ ਸਿੰਘ ਸੇਵਾ ਸੋਸਾਇਟੀ ਦੇ ਨਾਮ ਟਰਾਂਸਫਰ ਕੀਤਾ ਜਾ ਸਕੇਗਾ। ਪਹਿਲਾਂ ਕਾਨੂੰਨੀ ਪਾਬੰਦੀਆਂ ਕਾਰਨ ਇਹ ਸੰਭਵ ਨਹੀਂ ਸੀ।

ਜਾਣਕਾਰੀ ਅਨੁਸਾਰ, ਜੇਕਰ ਇਸ ਟਰਾਂਸਫਰ ਨੂੰ ਮਨਜ਼ੂਰੀ ਨਾ ਮਿਲਦੀ ਤਾਂ ਹਸਪਤਾਲ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਸਨ, ਜਿਸ ਨਾਲ ਹਜ਼ਾਰਾਂ ਲੋਕ ਸਿਹਤ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ। ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਜਿੱਥੇ ਡੇਰਾ ਬਿਆਸ ਦੇ ਪੈਰੋਕਾਰਾਂ ਵਿੱਚ ਖੁਸ਼ੀ ਹੈ, ਉੱਥੇ ਹੀ ਸਥਾਨਕ ਲੋਕਾਂ ਵੱਲੋਂ ਵੀ ਇਸ ਫ਼ੈਸਲੇ ਦਾ ਸਵਾਗਤ ਕੀਤਾ ਜਾ ਰਿਹਾ ਹੈ।