ਪੋਟਾਸ਼ ਤੋਂ ਬਾਅਦ ਪੰਜਾਬ ਵਿੱਚ ਕੁਦਰਤੀ ਗੈਸ ਅਤੇ ਤੇਲ ਦੀ ਵੱਡੀ ਸੰਭਾਵਨਾ: ਬਰਿੰਦਰ ਕੁਮਾਰ ਗੋਯਲ

ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਫ਼ ਹਾਈਡ੍ਰੋਕਾਰਬਨ ਅਤੇ ਆਇਲ ਇੰਡੀਆ ਲਿਮਿਟਡ ਦੇ ਉੱਚ ਅਧਿਕਾਰੀਆਂ ਨੇ ਖਣਨ ਤੇ ਭੂ-ਵਿਗਿਆਨ ਮੰਤਰੀ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਖਣਨ ਅਤੇ ਭੂ-ਵਿਗਿਆਨ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਯਲ ਨੇ ਅੱਜ ਕਿਹਾ ਕਿ ਰਾਜ ਵਿੱਚ ਪੋਟਾਸ਼ ਦੀ ਸੰਭਾਵਨਾ ਸਾਹਮਣੇ ਆਉਣ ਤੋਂ ਬਾਅਦ ਹੁਣ ਪੰਜਾਬ ਕੁਦਰਤੀ ਗੈਸ ਅਤੇ ਤੇਲ ਦੇ ਭੰਡਾਰਾਂ ਦੀ ਖੋਜ ਵੱਲ ਅੱਗੇ ਵੱਧ ਰਿਹਾ ਹੈ।

ਇਹ ਗੱਲ ਉਨ੍ਹਾਂ ਨੇ ਉਸ ਵੇਲੇ ਕਹੀ ਜਦੋਂ ਭਾਰਤ ਸਰਕਾਰ ਦੇ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਅਧੀਨ ਡਾਇਰੈਕਟੋਰੇਟ ਜਨਰਲ ਆਫ਼ ਹਾਈਡ੍ਰੋਕਾਰਬਨ (DGH) ਅਤੇ ਆਇਲ ਇੰਡੀਆ ਲਿਮਿਟਡ (OIL) ਦੇ ਉੱਚ ਅਧਿਕਾਰੀਆਂ ਨੇ ਐਮਜੀਸਿਪਾ ਵਿਖੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਪ੍ਰਸਤਾਵਿਤ ਸਰਵੇਖਣ ਲਈ ਸਹਿਯੋਗ ਦੀ ਮੰਗ ਕੀਤੀ।

ਟੀਮ ਦੀ ਅਗਵਾਈ ਸ਼੍ਰੀ ਅਜੈ ਕੁਮਾਰ ਸ਼ਰਮਾ (HOD, NDR DGH) ਅਤੇ ਸ਼੍ਰੀ ਸੁਰੇੰਦਰ ਕੁਮਾਰ ਦਾਸ (DGM, DGH) ਕਰ ਰਹੇ ਸਨ। ਟੀਮ ਵਿੱਚ ਸ਼੍ਰੀ ਅਨੁਪ ਕੁਮਾਰ (ਐਗਜ਼ਿਕਿਊਟਿਵ ਡਾਇਰੈਕਟਰ, OIL), ਸ਼੍ਰੀ ਰਤਨੇਸ਼ ਪਾਂਡੇ (ਸੁਪਰਿੰਟੈਂਡਿੰਗ ਜਿਓਫਿਜ਼ਿਸਿਸਟ, OIL), ਸ਼੍ਰੀ ਦੁਰਗੇਸ਼ ਦੀਪ ਮਿਸ਼ਰਾ (ਪਾਰਟੀ ਚੀਫ਼, ਏਸ਼ੀਅਨ ਐਨਰਜੀ ਸਰਵਿਸਿਜ਼) ਅਤੇ ਸ਼੍ਰੀ ਚਮਨ ਸਿੰਘ (ਕੰਸਲਟੈਂਟ, ਸਿਸਮਿਕ ਓਪਰੇਸ਼ਨਜ਼, ਏਸ਼ੀਅਨ ਐਨਰਜੀ ਸਰਵਿਸਿਜ਼) ਵੀ ਸ਼ਾਮਲ ਸਨ।

ਮੀਟਿੰਗ ਦੌਰਾਨ ਰਾਜ ਵਿੱਚ ਹਾਈਡ੍ਰੋਕਾਰਬਨ ਖੋਜ ਦੀਆਂ ਸੰਭਾਵਨਾਵਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਪੈਟਰੋਲਿਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਆਇਲ ਇੰਡੀਆ ਲਿਮਿਟਡ ਵੱਲੋਂ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਪਛਾਣ ਲਈ 2D ਸਿਸਮਿਕ ਸਰਵੇ ਕੀਤਾ ਜਾਵੇਗਾ।

ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਭਾਰਤ ਸਰਕਾਰ ਦੀ ਇੱਕ ਉੱਚ-ਪੱਧਰੀ ਵਿਗਿਆਨਕ ਸਲਾਹਕਾਰ ਕਮੇਟੀ ਨੇ ਦੇਸ਼ ਦੇ ਅਣਖੋਜੇ ਖੇਤਰਾਂ ਵਿੱਚ ਖਨਿਜ ਅਤੇ ਪੈਟਰੋਲਿਅਮ ਸਰੋਤਾਂ ਦੀ ਪਛਾਣ ਲਈ ਵਿਸਤ੍ਰਿਤ ਸਰਵੇਖਣ ਦੀ ਸਿਫਾਰਸ਼ ਕੀਤੀ ਹੈ।

ਸ਼੍ਰੀ ਅਜੈ ਸ਼ਰਮਾ ਨੇ ਦੱਸਿਆ ਕਿ ਮੰਤਰਾਲੇ ਵੱਲੋਂ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਰੀਦਕੋਟ, ਮੋਗਾ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਸਮੇਤ ਰਾਜਸਥਾਨ ਦੇ ਬਾਰਮੇਰ, ਸਾਂਚੋਰ, ਜੈਸਲਮੇਰ ਅਤੇ ਬੀਕਾਨੇਰ-ਨਾਗੌਰ ਬੇਸਿਨ, ਨਾਲ ਹੀ ਗੰਗਾ ਬੇਸਿਨ ਅਤੇ ਪੰਜਾਬ ਨਾਲ ਲੱਗਦੇ ਖੇਤਰਾਂ ਵਿੱਚ ਸਰਵੇਖਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਸਬ-ਬੇਸਿਨ ਵਿੱਚ ਲਗਭਗ 169 ਲਾਈਨ ਕਿਲੋਮੀਟਰ ਖੇਤਰ ਨੂੰ ਕਵਰ ਕਰਦਾ ਵੱਡੇ ਪੱਧਰ ਦਾ 2D ਸਿਸਮਿਕ ਸਰਵੇ ਕੀਤਾ ਜਾਵੇਗਾ। ਇਸ ਮੁਹਿੰਮ ਦਾ ਨਾਮ “ਮਿਸ਼ਨ ਅਨਵੇਸ਼ਣ” ਰੱਖਿਆ ਗਿਆ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਪੂਰੀ ਕਾਰਵਾਈ ਵਿਗਿਆਨਕ ਅਤੇ ਖੋਜਮੂਲਕ ਹੈ, ਜਿਸ ਦਾ ਉਦੇਸ਼ ਸਹੀ ਭੂ-ਵਿਗਿਆਨਕ ਡਾਟਾ ਇਕੱਠਾ ਕਰਨਾ ਹੈ।

ਸ਼੍ਰੀ ਬਰਿੰਦਰ ਕੁਮਾਰ ਗੋਯਲ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਖੋਜ ਗਤੀਵਿਧੀਆਂ ਨੂੰ ਤੇਜ਼ ਕਰੇਗੀ, ਸਗੋਂ ਇੱਕ ਵਿਸਤ੍ਰਿਤ ਭੂ-ਵਿਗਿਆਨਕ ਡਾਟਾ ਬੈਂਕ ਤਿਆਰ ਕਰਨ ਵਿੱਚ ਵੀ ਮਦਦ ਕਰੇਗੀ, ਜਿਸ ਨਾਲ ਭਾਰਤ ਦੀ ਵਿਦੇਸ਼ੀ ਊਰਜਾ ਸਰੋਤਾਂ ‘ਤੇ ਨਿਰਭਰਤਾ ਘਟੇਗੀ ਅਤੇ ਪੰਜਾਬ ਸਮੇਤ ਹੋਰ ਰਾਜਾਂ ਲਈ ਆਰਥਿਕ ਵਿਕਾਸ ਦੇ ਨਵੇਂ ਰਸਤੇ ਖੁਲਣਗੇ।

ਕੈਬਿਨੇਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਰਵੇਖਣ ਨੂੰ ਸਮੇਂ ਸਿਰ ਪੂਰਾ ਕਰਨ ਲਈ ਪੂਰਾ ਸਹਿਯੋਗ ਦੇਵੇਗੀ ਅਤੇ ਰਾਜ ਦੇ ਕੁੱਲ ਵਿਕਾਸ ਅਤੇ ਖੁਸ਼ਹਾਲੀ ਲਈ ਕੁਦਰਤੀ ਸਰੋਤਾਂ ਦੇ ਸਦੁਪਯੋਗ ਵਾਸਤੇ ਹਰ ਸੰਭਵ ਯਤਨ ਕਰੇਗੀ।

ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਾਂ ਨਾਲ ਨਾ ਸਿਰਫ਼ ਊਰਜਾ ਖੇਤਰ ਮਜ਼ਬੂਤ ਹੋਵੇਗਾ, ਸਗੋਂ ਪੰਜਾਬ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਉਦਯੋਗਿਕ ਵਿਕਾਸ ਨੂੰ ਵੀ ਵੱਡਾ ਬਲ ਮਿਲੇਗਾ।

ਮੀਟਿੰਗ ਦੌਰਾਨ ਹੋਰਾਂ ਤੋਂ ਇਲਾਵਾ ਐਡੀਸ਼ਨਲ ਚੀਫ਼ ਸਕੱਤਰ ਮਾਈਨਜ਼ ਐਂਡ ਜਿਓਲੋਜੀ ਮਿਸਿਜ਼ ਜਸਪ੍ਰੀਤ ਤਲਵਾਰ, ਡਾਇਰੈਕਟਰ ਮਾਈਨਿੰਗ ਸ਼੍ਰੀ ਅਭਿਜੀਤ ਕਪਲਿਸ਼, ਚੀਫ਼ ਇੰਜੀਨੀਅਰ (ਮਾਈਨਿੰਗ ਐਂਡ ਡ੍ਰੇਨੇਜ) ਸ੍ਰੀ ਹਰਦੀਪ ਸਿੰਘ ਮੇਂਦਿਰੱਤਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।