ਅੰਮ੍ਰਿਤਸਰ 'ਚ ਵੱਡੀ ਵਾਰਦਾਤ! ਪੁਲਸ ਚੌਕੀ ਤੋਂ 200 ਮੀਟਰ ਦੂਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਲਿਸ ਚੌਕੀ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਦੋ ਅਣਪਛਾਤੇ ਹਮਲਾਵਰਾਂ ਨੇ ਇੱਕ ਨੌਜਵਾਨ 'ਤੇ ਤਾਬੜਤੋੜ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨਿਤਿਨ ਉਰਫ਼ ਚੀਕੂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅੰਮ੍ਰਿਤਸਰ : ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਲਿਸ ਚੌਕੀ ਤੋਂ ਮਹਿਜ਼ 200 ਮੀਟਰ ਦੀ ਦੂਰੀ 'ਤੇ ਦੋ ਅਣਪਛਾਤੇ ਹਮਲਾਵਰਾਂ ਨੇ ਇੱਕ ਨੌਜਵਾਨ 'ਤੇ ਤਾਬੜਤੋੜ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਨਿਤਿਨ ਉਰਫ਼ ਚੀਕੂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਆਇਆ ਸੀ ਬਾਹਰ
ਮਿਲੀ ਜਾਣਕਾਰੀ ਅਨੁਸਾਰ, ਨਿਤਿਨ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਸਨ ਅਤੇ ਉਹ ਲਗਭਗ 8-9 ਸਾਲ ਪਹਿਲਾਂ ਵੀ ਇੱਕ ਵਾਰਦਾਤ ਵਿਚ ਸ਼ਾਮਲ ਰਿਹਾ ਸੀ, ਜਿਸ ਕਾਰਨ ਉਹ ਜੇਲ੍ਹ ਵਿੱਚ ਬੰਦ ਸੀ। ਪੁਲਸ ਨੇ ਦੱਸਿਆ ਕਿ ਉਹ ਇਸ ਸਾਲ ਵੀ ਕਿਸੇ ਮਾਮਲੇ ਵਿਚ ਜੇਲ੍ਹ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਉਹ ਇੱਥੇ ਇੱਕ ਕਿਰਾਏ ਦੇ ਮਕਾਨ ਵਿਚ ਆਪਣੀ ਭੈਣ ਨਾਲ ਰਹਿ ਰਿਹਾ ਸੀ। 

ਪੁਰਾਣੀ ਰੰਜਿਸ਼ ਬਣੀ ਕਤਲ ਦਾ ਕਾਰਨ
ਏ.ਡੀ.ਸੀ.ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 9:30 ਵਜੇ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਸੀ। ਜ਼ਖ਼ਮੀ ਹਾਲਤ ਵਿਚ ਨਿਤਿਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦੀ ਮੁਢਲੀ ਜਾਂਚ ਵਿਚ ਇਹ ਮਾਮਲਾ ਪੁਰਾਣੀ ਰੰਜਿਸ਼ ਦਾ ਜਾਪਦਾ ਹੈ। ਅਧਿਕਾਰੀਆਂ ਅਨੁਸਾਰ ਪੁਲਸ ਨੇ ਇੱਕ ਸ਼ੱਕੀ ਦੀ ਪਛਾਣ ਕਰ ਲਈ ਹੈ ਤੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।