ਡੇਰਾਬੱਸੀ ਇਲਾਕੇ 'ਚ ਗੈਂਗਸਟਰਾਂ ਦਾ ਵੱਡਾ ਐਨਕਾਊਂਟਰ

ਨਾਕੇਬੰਦੀ ਦੌਰਾਨ ਪੁਲਸ ਟੀਮ ਨੇ ਜਦੋਂ ਦੋ ਸ਼ੱਕੀ ਨੌਜਵਾਨਾਂ ਨੂੰ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਅਤੇ ਉਨ੍ਹਾਂ ਨੂੰ ਆਤਮ-ਸਮਰਪਣ (ਸਰੰਡਰ) ਕਰਨ ਲਈ ਕਿਹਾ ਤਾਂ ਮੁਲਜ਼ਮਾਂ ਨੇ ਪੁਲਸ 'ਤੇ ਤੁਰੰਤ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਢਿੱਲੋਂ ਦੇ ਗੈਂਗ ਦੇ ਮੈਂਬਰਾਂ ਅਤੇ ਪੁਲਿਸ ਵਿਚਕਾਰ ਸਵੇਰੇ ਇੱਕ ਜ਼ਬਰਦਸਤ ਮੁਕਾਬਲਾ ਹੋਇਆ ਹੈ। ਇਸ ਐਨਕਾਊਂਟਰ ਦੌਰਾਨ ਗੈਂਗ ਦੇ ਦੋ ਬਦਮਾਸ਼ਾਂ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਢਿੱਲੋਂ ਗੈਂਗ ਦੇ ਦੋ ਸ਼ੂਟਰ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਮੋਟਰਸਾਈਕਲ 'ਤੇ ਘੁੰਮ ਰਹੇ ਹਨ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਪੁਲਸ ਨੇ ਦੋ ਟੀਮਾਂ ਬਣਾ ਕੇ ਇਲਾਕੇ ਦੀ ਘੇਰਾਬੰਦੀ ਕੀਤੀ।

ਨਾਕੇਬੰਦੀ ਦੌਰਾਨ ਪੁਲਸ ਟੀਮ ਨੇ ਜਦੋਂ ਦੋ ਸ਼ੱਕੀ ਨੌਜਵਾਨਾਂ ਨੂੰ ਮੋਟਰਸਾਈਕਲ 'ਤੇ ਆਉਂਦੇ ਦੇਖਿਆ ਅਤੇ ਉਨ੍ਹਾਂ ਨੂੰ ਆਤਮ-ਸਮਰਪਣ (ਸਰੰਡਰ) ਕਰਨ ਲਈ ਕਿਹਾ ਤਾਂ ਮੁਲਜ਼ਮਾਂ ਨੇ ਪੁਲਸ 'ਤੇ ਤੁਰੰਤ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮਾਂ ਨੇ ਪੁਲਸ 'ਤੇ ਕਰੀਬ ਤਿੰਨ ਰਾਊਂਡ ਫਾਇਰ ਕੀਤੇ। ਇਸ ਦੇ ਜਵਾਬ ਵਿੱਚ, ਪੁਲਸ ਨੇ ਵੀ ਚਾਰ ਤੋਂ ਪੰਜ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚ ਦੋਵੇਂ ਬਦਮਾਸ਼ ਜ਼ਖਮੀ ਹੋ ਗਏ। ਮੁਕਾਬਲੇ ਦੌਰਾਨ ਇੱਕ ਗੋਲੀ ਪੁਲਸ ਦੇ ਵਾਹਨ 'ਤੇ ਵੀ ਲੱਗੀ, ਹਾਲਾਂਕਿ ਸਾਰੇ ਪੁਲਸ ਕਰਮੀ ਸੁਰੱਖਿਅਤ ਹਨ।

ਦੋਵੇਂ ਜ਼ਖਮੀ ਬਦਮਾਸ਼ਾਂ ਦੇ ਪੈਰਾਂ ਵਿੱਚ ਗੋਲੀ ਲੱਗੀ ਹੈ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ।ਜ਼ਖਮੀ ਹੋਏ ਮੁਲਜ਼ਮਾਂ ਦੀ ਪਛਾਣ ਅਮਨ ਅਤੇ ਸ਼ਰਨਜੀਤ ਉਰਫ ਸੰਨੀ ਵਜੋਂ ਹੋਈ ਹੈ, ਅਤੇ ਇਹ ਦੋਵੇਂ ਹੀ ਮੋਹਾਲੀ ਜ਼ਿਲ੍ਹੇ ਦੇ ਵਸਨੀਕ ਹਨ। ਮੁੱਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਦਾ ਇਰਾਦਾ ਇਲਾਕੇ ਵਿੱਚ ਕਿਸੇ ਦੀ ਹੱਤਿਆ ਕਰਨ ਦਾ ਸੀ, ਪਰ ਪੁਲਿਸ ਦੀ ਚੌਕਸੀ ਕਾਰਨ ਇੱਕ ਵੱਡੀ ਵਾਰਦਾਤ ਟਲ ਗਈ।