NEET ਰੀ-ਐਗਜ਼ਾਮ ਤੋਂ ਪਹਿਲਾਂ ਸਰਕਾਰ ਦਾ ਵੱਡਾ ਫੈਸਲਾ! ਟੈਲੀਗ੍ਰਾਮ 'ਤੇ ਲਗਾਈ ਆਰਜ਼ੀ ਰੋਕ

ਕੇਂਦਰ ਸਰਕਾਰ ਨੇ 21 ਜੂਨ ਨੂੰ ਹੋਣ ਵਾਲੀ NEET-UG 2026 ਰੀ-ਐਗਜ਼ਾਮ ਨੂੰ ਸੁਰੱਖਿਅਤ ਅਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਮੈਸੇਜਿੰਗ ਐਪ ਟੈਲੀਗ੍ਰਾਮ (Telegram) 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਪ੍ਰੀਖਿਆ ਤੋਂ ਪਹਿਲਾਂ ਫਰਜ਼ੀ 'ਪੇਪਰ ਲੀਕ' ਸਮੱਗਰੀ ਫੈਲਾਉਣ ਵਾਲੇ ਅਨਸਰਾਂ ਨੂੰ ਰੋਕਣ ਲਈ ਲਿਆ ਗਿਆ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਨੇ 21 ਜੂਨ ਨੂੰ ਹੋਣ ਵਾਲੀ NEET-UG 2026 ਰੀ-ਐਗਜ਼ਾਮ ਨੂੰ ਸੁਰੱਖਿਅਤ ਅਤੇ ਨਿਰਪੱਖ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਇੱਕ ਵੱਡਾ ਕਦਮ ਚੁੱਕਦਿਆਂ ਮੈਸੇਜਿੰਗ ਐਪ ਟੈਲੀਗ੍ਰਾਮ (Telegram) 'ਤੇ ਆਰਜ਼ੀ ਤੌਰ 'ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਪ੍ਰੀਖਿਆ ਤੋਂ ਪਹਿਲਾਂ ਫਰਜ਼ੀ 'ਪੇਪਰ ਲੀਕ' ਸਮੱਗਰੀ ਫੈਲਾਉਣ ਵਾਲੇ ਅਨਸਰਾਂ ਨੂੰ ਰੋਕਣ ਲਈ ਲਿਆ ਗਿਆ ਹੈ।

22 ਜੂਨ ਤੱਕ ਰਹੇਗੀ ਪਾਬੰਦੀ
ਨੈਸ਼ਨਲ ਟੈਸਟਿੰਗ ਏਜੰਸੀ (NTA) ਦੇ ਅਨੁਸਾਰ, ਟੈਲੀਗ੍ਰਾਮ 'ਤੇ ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ। ਇਸ ਤੋਂ ਇਲਾਵਾ, ਐਪ ਦੇ 'ਮੈਸੇਜ ਐਡਿਟ' ਫੀਚਰ ਨੂੰ ਵੀ 30 ਜੂਨ ਤੱਕ ਬੰਦ ਕਰ ਦਿੱਤਾ ਗਿਆ ਹੈ। ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਕਈ ਮਾਮਲਿਆਂ ਵਿੱਚ ਟੈਲੀਗ੍ਰਾਮ ਦੇ ਐਡਿਟ ਫੀਚਰ ਦੀ ਗਲਤ ਵਰਤੋਂ ਕੀਤੀ ਗਈ ਸੀ, ਜਿੱਥੇ ਪ੍ਰੀਖਿਆ ਤੋਂ ਬਾਅਦ ਪੁਰਾਣੇ ਮੈਸੇਜਾਂ ਵਿੱਚ ਅਸਲੀ ਪ੍ਰਸ਼ਨ ਪੱਤਰ ਜੋੜ ਕੇ ਇਹ ਅਫਵਾਹ ਫੈਲਾਈ ਜਾਂਦੀ ਸੀ ਕਿ ਪੇਪਰ ਪਹਿਲਾਂ ਹੀ ਲੀਕ ਹੋ ਚੁੱਕਾ ਸੀ।

ਠੱਗ ਗਿਰੋਹਾਂ 'ਤੇ ਸ਼ਿਕੰਜਾ
NTA ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਗਿਰੋਹ "Paper Leaked NEET" ਅਤੇ "Re-NEET 2026" ਵਰਗੇ ਨਾਵਾਂ ਵਾਲੇ ਚੈਨਲਾਂ ਰਾਹੀਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੋਂ ਕਥਿਤ ਪ੍ਰਸ਼ਨ ਪੱਤਰ ਦੇ ਬਦਲੇ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ। ਇਸ ਵਿਰੁੱਧ ਕਾਰਵਾਈ ਕਰਦਿਆਂ ਗ੍ਰਹਿ ਮੰਤਰਾਲੇ ਦੇ ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ (I4C), ਵੱਖ-ਵੱਖ ਰਾਜਾਂ ਦੀ ਪੁਲਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਮਿਲ ਕੇ ਕਈ ਫਰਜ਼ੀ ਚੈਨਲਾਂ ਅਤੇ ਬੌਟਸ ਨੂੰ ਹਟਾ ਦਿੱਤਾ ਹੈ।

22 ਲੱਖ ਉਮੀਦਵਾਰ ਦੇਣਗੇ ਪ੍ਰੀਖਿਆ
ਜ਼ਿਕਰਯੋਗ ਹੈ ਕਿ 3 ਮਈ ਨੂੰ ਹੋਈ NEET-UG ਪ੍ਰੀਖਿਆ ਦੇ ਰੱਦ ਹੋਣ ਤੋਂ ਬਾਅਦ ਹੁਣ 21 ਜੂਨ ਨੂੰ ਦੁਬਾਰਾ ਪ੍ਰੀਖਿਆ ਹੋ ਰਹੀ ਹੈ, ਜਿਸ ਵਿੱਚ ਲਗਭਗ 22 ਲੱਖ ਉਮੀਦਵਾਰ ਸ਼ਾਮਲ ਹੋਣਗੇ। NTA ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਫਵਾਹ 'ਤੇ ਭਰੋਸਾ ਨਾ ਕਰਨ ਅਤੇ ਪ੍ਰੀਖਿਆ ਨਾਲ ਸਬੰਧਤ ਜਾਣਕਾਰੀ ਸਿਰਫ਼ ਅਧਿਕਾਰਤ ਵੈੱਬਸਾਈਟ neet.nta.nic.in ਤੋਂ ਹੀ ਪ੍ਰਾਪਤ ਕਰਨ।

ਏਜੰਸੀ ਨੇ ਮੰਨਿਆ ਕਿ ਟੈਲੀਗ੍ਰਾਮ ਦੀ ਵਰਤੋਂ ਲੱਖਾਂ ਲੋਕ ਪੜ੍ਹਾਈ ਅਤੇ ਨਿੱਜੀ ਕੰਮਾਂ ਲਈ ਕਰਦੇ ਹਨ, ਇਸ ਲਈ ਉਨ੍ਹਾਂ ਨੂੰ ਹੋਣ ਵਾਲੀ ਅਸੁਵਿਧਾ ਲਈ ਖੇਦ ਹੈ। ਹਾਲਾਂਕਿ, ਪ੍ਰੀਖਿਆ ਦੀ ਪਵਿੱਤਰਤਾ ਬਣਾਈ ਰੱਖਣ ਲਈ ਇਹ ਸਖ਼ਤ ਕਦਮ ਚੁੱਕਣਾ ਜ਼ਰੂਰੀ ਸੀ। ਏਜੰਸੀ ਨੇ ਮੁੜ ਦੁਹਰਾਇਆ ਹੈ ਕਿ ਪ੍ਰਸ਼ਨ ਪੱਤਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਪ੍ਰੀਖਿਆ ਤੋਂ ਪਹਿਲਾਂ ਕਿਸੇ ਕੋਲ ਉਪਲਬਧ ਨਹੀਂ ਹੈ।