NEET ਦੀ ਮੁੜ-ਪ੍ਰੀਖਿਆ ਲਈ ਵੱਡੇ ਬਦਲਾਅ, ਹੁਣ ਮਿਲਣਗੇ 195 ਮਿੰਟ ਤੇ ਰਫ਼ ਵਰਕ ਲਈ ਵਾਧੂ ਪੇਜ

ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 21 ਜੂਨ ਨੂੰ ਹੋਣ ਵਾਲੀ ਨੀਟ (NEET) ਯੂਜੀ ਮੁੜ-ਪ੍ਰੀਖਿਆ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪ੍ਰੀਖਿਆ ਨੂੰ ਵਧੇਰੇ ਸੁਖਾਲਾ ਬਣਾਉਣ ਲਈ NTA ਨੇ ਕਈ 'ਉਮੀਦਵਾਰ ਪੱਖੀ' ਬਦਲਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਉਮੀਦਵਾਰਾਂ ਨੂੰ ਰਫ਼ ਵਰਕ ਲਈ ਵਾਧੂ ਪੇਜ ਅਤੇ ਪੇਪਰ ਹੱਲ ਕਰਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ।
ਨਵੀਂ ਦਿੱਲੀ : ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 21 ਜੂਨ ਨੂੰ ਹੋਣ ਵਾਲੀ ਨੀਟ (NEET) ਯੂਜੀ ਮੁੜ-ਪ੍ਰੀਖਿਆ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪ੍ਰੀਖਿਆ ਨੂੰ ਵਧੇਰੇ ਸੁਖਾਲਾ ਬਣਾਉਣ ਲਈ NTA ਨੇ ਕਈ 'ਉਮੀਦਵਾਰ ਪੱਖੀ' ਬਦਲਾਵਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਉਮੀਦਵਾਰਾਂ ਨੂੰ ਰਫ਼ ਵਰਕ ਲਈ ਵਾਧੂ ਪੇਜ ਅਤੇ ਪੇਪਰ ਹੱਲ ਕਰਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ।

ਰਫ਼ ਵਰਕ ਲਈ ਹੁਣ 2 ਦੀ ਬਜਾਏ 4 ਪੇਜ
ਵਿਦਿਆਰਥੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੀਖਿਆ ਕਾਪੀ ਦੇ ਲੇਆਉਟ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਉਮੀਦਵਾਰਾਂ ਨੂੰ ਰਫ਼ ਕੰਮ ਕਰਨ ਲਈ 2 ਦੀ ਬਜਾਏ 4 ਪੇਜ ਮਿਲਣਗੇ। ਕਾਪੀ ਦੇ ਡਿਜ਼ਾਈਨ ਵਿੱਚ ਵੀ ਅਹਿਮ ਤਬਦੀਲੀ ਕੀਤੀ ਗਈ ਹੈ; ਪਹਿਲਾਂ ਰਫ਼ ਪੇਜ ਸਿਰਫ਼ ਅਖੀਰ ਵਿੱਚ ਹੁੰਦੇ ਸਨ, ਪਰ ਹੁਣ ਦੋ ਪੇਜ ਕਾਪੀ ਦੇ ਸ਼ੁਰੂ ਵਿੱਚ (ਹਦਾਇਤਾਂ ਵਾਲੇ ਪੰਨੇ ਤੋਂ ਬਾਅਦ) ਅਤੇ ਦੋ ਪੇਜ ਅਖੀਰ ਵਿੱਚ ਦਿੱਤੇ ਜਾਣਗੇ। NTA ਅਨੁਸਾਰ ਇਹ ਬਦਲਾਅ ਖਾਸ ਕਰਕੇ ਖੱਬੇ ਹੱਥ ਨਾਲ ਲਿਖਣ ਵਾਲੇ ਉਮੀਦਵਾਰਾਂ ਲਈ ਵਧੇਰੇ ਸੁਵਿਧਾਜਨਕ ਹੋਵੇਗਾ।

ਪ੍ਰੀਖਿਆ ਲਈ ਮਿਲਣਗੇ 15 ਮਿੰਟ ਵਾਧੂ
NTA ਨੇ ਪ੍ਰੀਖਿਆ ਦੇ ਸਮੇਂ ਵਿੱਚ ਵੀ ਵਾਧਾ ਕੀਤਾ ਹੈ। ਹੁਣ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਕੁੱਲ 195 ਮਿੰਟ ਮਿਲਣਗੇ, ਜੋ ਕਿ ਪਹਿਲਾਂ ਨਾਲੋਂ 15 ਮਿੰਟ ਜ਼ਿਆਦਾ ਹਨ। ਪ੍ਰੀਖਿਆ ਦਾ ਸਮਾਂ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਤੈਅ ਕੀਤਾ ਗਿਆ ਹੈ। ਇਹ ਵਾਧੂ ਸਮਾਂ ਹਾਜ਼ਰੀ ਪੱਤਰ 'ਤੇ ਦਸਤਖਤ ਅਤੇ ਹੋਰ ਜ਼ਰੂਰੀ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।

ਪੇਪਰ ਲੀਕ ਹੋਣ ਕਾਰਨ ਹੋ ਰਹੀ ਹੈ ਮੁੜ-ਪ੍ਰੀਖਿਆ
ਜ਼ਿਕਰਯੋਗ ਹੈ ਕਿ 3 ਮਈ 2026 ਨੂੰ ਹੋਈ ਨੀਟ ਯੂਜੀ ਪ੍ਰੀਖਿਆ ਦੌਰਾਨ ਪੇਪਰ ਲੀਕ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਕਾਰਨ ਉਸ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਪੂਰੇ ਮਾਮਲੇ ਦੀ ਜਾਂਚ ਇਸ ਵੇਲੇ ਸੀ.ਬੀ.ਆਈ. (CBI) ਵੱਲੋਂ ਕੀਤੀ ਜਾ ਰਹੀ ਹੈ। ਹੁਣ NTA ਨੇ ਪਾਰਦਰਸ਼ਤਾ ਅਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਹ ਨਵੇਂ ਨਿਯਮ ਲਾਗੂ ਕੀਤੇ ਹਨ।