FSSAI ਦਾ ਵੱਡਾ ਐਕਸ਼ਨ! Nestle, KFC ਤੇ Flipkart ਨੂੰ ਨੋਟਿਸ ਜਾਰੀ

ਸੋਸ਼ਲ ਮੀਡੀਆ 'ਤੇ ਉਪਭੋਗਤਾਵਾਂ ਦੀਆਂ ਵਾਇਰਲ ਹੋਈਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਖੁਰਾਕ ਸੁਰੱਖਿਆ ਤੇ ਮਾਨਕ ਅਥਾਰਟੀ (FSSAI) ਨੇ ਵੱਡੀ ਕਾਰਵਾਈ ਕੀਤੀ ਹੈ। ਰੈਗੂਲੇਟਰ ਨੇ ਨੇਸਲੇ ਇੰਡੀਆ, KFC ਇੰਡੀਆ ਅਤੇ ਫਲਿੱਪਕਾਰਟ ਨੂੰ ਉਤਪਾਦਾਂ ਦੀ ਗੁਣਵੱਤਾ ਅਤੇ ਸਫ਼ਾਈ ਨਾਲ ਜੁੜੇ ਮਾਮਲਿਆਂ 'ਤੇ ਜਵਾਬ ਤਲਬ ਕਰਦਿਆਂ ਨੋਟਿਸ ਜਾਰੀ ਕੀਤੇ ਹਨ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਉਪਭੋਗਤਾਵਾਂ ਦੀਆਂ ਵਾਇਰਲ ਹੋਈਆਂ ਸ਼ਿਕਾਇਤਾਂ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਖੁਰਾਕ ਸੁਰੱਖਿਆ ਤੇ ਮਾਨਕ ਅਥਾਰਟੀ (FSSAI) ਨੇ ਵੱਡੀ ਕਾਰਵਾਈ ਕੀਤੀ ਹੈ। ਰੈਗੂਲੇਟਰ ਨੇ ਨੇਸਲੇ ਇੰਡੀਆ, KFC ਇੰਡੀਆ ਅਤੇ ਫਲਿੱਪਕਾਰਟ ਨੂੰ ਉਤਪਾਦਾਂ ਦੀ ਗੁਣਵੱਤਾ ਅਤੇ ਸਫ਼ਾਈ ਨਾਲ ਜੁੜੇ ਮਾਮਲਿਆਂ 'ਤੇ ਜਵਾਬ ਤਲਬ ਕਰਦਿਆਂ ਨੋਟਿਸ ਜਾਰੀ ਕੀਤੇ ਹਨ।

ਮੈਗੀ ਤੇ ਡਿਲੀਵਰੀ ਉਤਪਾਦਾਂ 'ਤੇ ਉੱਠੇ ਸਵਾਲ
ਸੂਤਰਾਂ ਅਨੁਸਾਰ, ਸੋਸ਼ਲ ਮੀਡੀਆ 'ਤੇ ਵੱਖ-ਵੱਖ ਪੋਸਟਾਂ ਰਾਹੀਂ ਗੰਭੀਰ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਇਨ੍ਹਾਂ ਵਿੱਚ ਮੈਗੀ ਨੂਡਲਜ਼ ਦੇ ਇੱਕ ਪੈਕੇਟ ਵਿੱਚ ਕਥਿਤ ਗੰਦਗੀ ਦਾ ਦਾਅਵਾ, ਫਲਿੱਪਕਾਰਟ ਮਿੰਟਸ ਰਾਹੀਂ ਮੰਗਵਾਏ ਗਏ ਉਤਪਾਦ ਵਿੱਚ ਕੀੜੇ ਮਿਲਣ ਦੀ ਸ਼ਿਕਾਇਤ ਅਤੇ ਆਂਧਰਾ ਪ੍ਰਦੇਸ਼ ਸਥਿਤ KFC ਆਊਟਲੇਟ ਵਿੱਚ ਸਾਫ਼-ਸਫ਼ਾਈ ਦੀ ਘਾਟ ਦੇ ਦੋਸ਼ ਸ਼ਾਮਲ ਸਨ। FSSAI ਨੇ ਇਨ੍ਹਾਂ ਸ਼ਿਕਾਇਤਾਂ ਦੇ ਆਧਾਰ 'ਤੇ ਖੁਦ ਨੋਟਿਸ ਲੈਂਦਿਆਂ ਸਬੰਧਤ ਕੰਪਨੀਆਂ ਤੋਂ ਜਵਾਬ ਮੰਗਿਆ ਹੈ।

ਨੇਸਲੇ ਨੇ ਦੋਸ਼ਾਂ ਨੂੰ ਨਕਾਰਿਆ
ਨੇਸਲੇ ਇੰਡੀਆ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸ਼ਿਕਾਇਤ ਨਾਲ ਸਬੰਧਤ ਨਮੂਨਾ ਅਜੇ ਤੱਕ ਉਨ੍ਹਾਂ ਨੂੰ ਉਪਲਬਧ ਨਹੀਂ ਕਰਵਾਇਆ ਗਿਆ ਅਤੇ ਨਾ ਹੀ ਸ਼ਿਕਾਇਤਕਰਤਾ ਨਾਲ ਸੰਪਰਕ ਹੋ ਸਕਿਆ ਹੈ। ਨੇਸਲੇ ਅਨੁਸਾਰ, ਉਨ੍ਹਾਂ ਨੇ ਸਬੰਧਤ ਬੈਚ ਅਤੇ ਬਾਜ਼ਾਰ ਤੋਂ ਲਏ ਗਏ ਨਮੂਨਿਆਂ ਦੀ ਜਾਂਚ ਕਰਵਾਈ ਹੈ, ਜਿਸ ਦੀਆਂ ਰਿਪੋਰਟਾਂ ਰੈਗੂਲੇਟਰ ਨੂੰ ਸੌਂਪ ਦਿੱਤੀਆਂ ਗਈਆਂ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਉਤਪਾਦਨ ਪ੍ਰਕਿਰਿਆ ਸਖ਼ਤ ਗੁਣਵੱਤਾ ਅਤੇ ਖੁਰਾਕ ਸੁਰੱਖਿਆ ਮਾਨਕਾਂ ਅਧੀਨ ਚਲਦੀ ਹੈ।

ਫਲਿੱਪਕਾਰਟ ਵੱਲੋਂ ਅੰਦਰੂਨੀ ਜਾਂਚ ਸ਼ੁਰੂ
ਫਲਿੱਪਕਾਰਟ ਮਿੰਟਸ ਨੇ ਇਸ ਮਾਮਲੇ ਵਿੱਚ ਸਬੰਧਤ ਵਿਕਰੇਤਾ ਨਾਲ ਸੰਪਰਕ ਕਰਕੇ ਪੂਰੇ ਮਾਮਲੇ ਦੀ ਅੰਦਰੂਨੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਪਣੀ ਰਿਪੋਰਟ FSSAI ਨੂੰ ਭੇਜ ਦਿੱਤੀ ਹੈ। ਦੂਜੇ ਪਾਸੇ, KFC ਇੰਡੀਆ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਨੋਟਿਸ ਤੋਂ ਬਾਅਦ ਕੰਪਨੀ ਦੇ ਜਵਾਬ ਦੀ ਉਡੀਕ ਕੀਤੀ ਜਾ ਰਹੀ ਹੈ।

FSSAI ਹੁਣ ਤਿੰਨਾਂ ਕੰਪਨੀਆਂ ਵੱਲੋਂ ਮਿਲੇ ਜਵਾਬਾਂ, ਜਾਂਚ ਰਿਪੋਰਟਾਂ ਅਤੇ ਉਪਲਬਧ ਸਬੂਤਾਂ ਦੀ ਸਮੀਖਿਆ ਕਰੇਗਾ। ਇਸ ਸਮੀਖਿਆ ਤੋਂ ਬਾਅਦ ਹੀ ਰੈਗੂਲੇਟਰ ਇਹ ਤੈਅ ਕਰੇਗਾ ਕਿ ਇਨ੍ਹਾਂ ਮਾਮਲਿਆਂ ਵਿੱਚ ਅੱਗੇ ਕੀ ਕਾਨੂੰਨੀ ਕਾਰਵਾਈ ਲੋੜੀਂਦੀ ਹੈ।