ਅਮਰੀਕਾ ਤੇ ਜਾਰਜੀਆ ’ਚ ਵੱਡੀ ਕਾਰਵਾਈ, ਭਾਰਤ ਦੇ ਦੋ ਖ਼ਤਰਨਾਕ ਗੈਂਗਸਟਰ ਚੜ੍ਹੇ ਕਾਨੂੰਨ ਦੇ ਹੱਥੇ

ਗਰਗ ਅਤੇ ਰਾਣਾ ਦੀ ਗ੍ਰਿਫ਼ਤਾਰੀ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ।
ਸੁਰੱਖਿਆ ਏਜੰਸੀਆਂ ਅਤੇ ਹਰਿਆਣਾ ਪੁਲਸ ਨੇ ਇੱਕ ਵੱਡੀ ਅੰਤਰਰਾਸ਼ਟਰੀ ਸਫਲਤਾ ਹਾਸਲ ਕੀਤੀ ਹੈ। ਵਿਦੇਸ਼ੀ ਧਰਤੀ 'ਤੇ ਗੈਂਗਸਟਰਾਂ ਵਿਰੁੱਧ ਇੱਕ ਕਾਰਵਾਈ ਵਿੱਚ, ਭਾਰਤ ਦੇ ਦੋ ਸਭ ਤੋਂ ਲੋੜੀਂਦੇ ਅਪਰਾਧੀਆਂ, ਵੈਂਕਟੇਸ਼ ਗਰਗ ਅਤੇ ਭਾਨੂ ਰਾਣਾ ਨੂੰ ਜਾਰਜੀਆ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ। ਦੋਵਾਂ 'ਤੇ ਹਰਿਆਣਾ ਅਤੇ ਪੰਜਾਬ ਵਿੱਚ ਕਈ ਗੰਭੀਰ ਦੋਸ਼ ਹਨ।

ਗਰਗ ਅਤੇ ਰਾਣਾ ਦੀ ਗ੍ਰਿਫ਼ਤਾਰੀ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ। ਪੁਲਸ ਨੇ ਦੱਸਿਆ ਕਿ ਬਾਕੀ ਗੈਂਗਸਟਰਾਂ ਨੇ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਆਪਣੀਆਂ ਗਤੀਵਿਧੀਆਂ ਘਟਾ ਦਿੱਤੀਆਂ ਹਨ। ਹਰਿਆਣਾ ਦੇ ਨਾਰਾਇਣਗੜ੍ਹ ਦਾ ਰਹਿਣ ਵਾਲਾ ਗਰਗ ਇਸ ਸਮੇਂ ਜਾਰਜੀਆ ਵਿੱਚ ਰਹਿ ਰਿਹਾ ਹੈ। ਉਸ ਵਿਰੁੱਧ ਭਾਰਤ ਵਿੱਚ 10 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਉਹ ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਰਾਜਾਂ ਤੋਂ ਨੌਜਵਾਨਾਂ ਦੀ ਭਰਤੀ ਕਰ ਰਿਹਾ ਸੀ।

ਉੱਥੇ ਹੀ ਦੂਜਾ ਮੁਲਜ਼ਮ ਭਾਨੂ ਰਾਣਾ, ਜੋ ਮੂਲ ਰੂਪ ਵਿੱਚ ਕਰਨਾਲ (ਹਰਿਆਣਾ) ਦਾ ਰਹਿਣ ਵਾਲਾ ਹੈ, ਭਾਰਤ ਦੇ ਸਭ ਤੋਂ ਖੌਫਨਾਕ ਅਪਰਾਧਿਕ ਨੈਟਵਰਕਾਂ ਵਿੱਚੋਂ ਇੱਕ ਲਾਰੈਂਸ ਬਿਸ਼ਨੋਈ ਗੈਂਗ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ। ਉਸ ਖਿਲਾਫ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਕਈ ਮਾਮਲੇ ਦਰਜ ਹਨ। ਉਸ ਦਾ ਨਾਮ ਪੰਜਾਬ ਵਿੱਚ ਹੋਏ ਇੱਕ ਗ੍ਰੇਨੇਡ ਹਮਲੇ ਦੀ ਜਾਂਚ ਦੌਰਾਨ ਵੀ ਸਾਹਮਣੇ ਆਇਆ ਸੀ।ਇਸ ਸਬੰਧੀ ਜੂਨ ਵਿੱਚ ਕਰਨਾਲ ਦੀ ਸਪੈਸ਼ਲ ਟਾਸਕ ਫੋਰਸ (STF) ਨੇ ਹੈਂਡ ਗ੍ਰਨੇਡ, ਪਿਸਤੌਲ ਅਤੇ ਗੋਲਾ ਬਾਰੂਦ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਸੀ ਕਿ ਉਹ ਰਾਣਾ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ। ਭਾਨੂ ਰਾਣਾ ਨੂੰ ਵੀ ਜਲਦੀ ਹੀ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾਵੇਗਾ।