ਵੈਂਕਟੇਸ਼ਵਰ ਸਵਾਮੀ ਮੰਦਰ 'ਚ ਵੱਡਾ ਹਾਦਸਾ! 10 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ

ਇਹ ਘਟਨਾ ਏਕਾਦਸ਼ੀ ਦੇ ਤਿਉਹਾਰ ਦੌਰਾਨ ਵਾਪਰੀ, ਜਿਸ ਕਾਰਨ ਆਮ ਦਿਨਾਂ ਦੇ ਮੁਕਾਬਲੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ।
ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਸਥਿਤ ਕਾਸ਼ੀਬੁੱਗਾ ਵੈਂਕਟੇਸ਼ਵਰ ਮੰਦਰ ਵਿੱਚ ਸ਼ਨੀਵਾਰ ਨੂੰ ਭਗਦੜ ਮਚਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 25 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਹਾਦਸੇ ਦਾ ਕਾਰਨ: ਏਕਾਦਸ਼ੀ ਦੀ ਭੀੜ ਅਤੇ ਟੁੱਟੀ ਰੇਲਿੰਗ
ਇਹ ਘਟਨਾ ਏਕਾਦਸ਼ੀ ਦੇ ਤਿਉਹਾਰ ਦੌਰਾਨ ਵਾਪਰੀ, ਜਿਸ ਕਾਰਨ ਆਮ ਦਿਨਾਂ ਦੇ ਮੁਕਾਬਲੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਆਂਧਰਾ ਪ੍ਰਦੇਸ਼ ਦੀ ਗ੍ਰਹਿ ਮੰਤਰੀ ਅਨੀਤਾ ਨੇ ਦੱਸਿਆ ਕਿ ਮੰਦਰ ਵਿੱਚ ਆਮ ਤੌਰ 'ਤੇ ਹਰ ਹਫ਼ਤੇ ਲਗਭਗ 1500 ਤੋਂ 2000 ਸ਼ਰਧਾਲੂ ਆਉਂਦੇ ਹਨ। ਮੰਦਰ ਪਹਿਲੀ ਮੰਜ਼ਿਲ 'ਤੇ ਸਥਿਤ ਹੈ ਅਤੇ ਇੱਥੇ ਜਾਣ ਲਈ 20 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਸਥਾਨਕ ਪ੍ਰਸ਼ਾਸਨ ਅਨੁਸਾਰ, ਭਾਰੀ ਭੀੜ ਕਾਰਨ ਹੋਈ ਧੱਕਾ-ਮੁੱਕੀ ਦੇ ਨਤੀਜੇ ਵਜੋਂ ਰੇਲਿੰਗ ਟੁੱਟ ਗਈ, ਜਿਸ ਕਾਰਨ ਭਗਦੜ ਮਚ ਗਈ। ਲੋਕ ਲਾਈਨ ਤੋੜ ਕੇ ਅਤੇ ਰੇਲਿੰਗ ਪਾਰ ਕਰਕੇ ਜ਼ਬਰਦਸਤੀ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਨਾਲ ਅਫ਼ਰਾ-ਤਫ਼ਰੀ ਮਚ ਗਈ ਅਤੇ ਲੋਕ ਡਿੱਗਣ ਲੱਗੇ।

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਵੈਂਕਟੇਸ਼ਵਰ ਮੰਦਰ ਵਿੱਚ ਭਗਦੜ ਅਤੇ ਇਸ ਦੌਰਾਨ ਕਈ ਸ਼ਰਧਾਲੂਆਂ ਦੀ ਹੋਈ ਮੌਤ 'ਤੇ ਦੁੱਖ ਪ੍ਰਗਟ ਕੀਤਾ। ਉਹਨਾਂ ਪੋਸਟ ਕਰਦੇ ਲਿਖਿਆ, 'ਸ਼੍ਰੀਕਾਕੁਲਮ ਜ਼ਿਲ੍ਹੇ ਦੇ ਵੈਂਕਟੇਸ਼ਵਰ ਮੰਦਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ।' ਉਨ੍ਹਾਂ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਸਾਰੇ ਪੀੜਤਾਂ ਅਤੇ ਜ਼ਖਮੀਆਂ ਨੂੰ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਗਏ ਹਨ।