ਸਾਵਧਾਨ! ਹੁਣ ‘ਡੀਸੀਪੀ’ ਬਣ ਕੀਤੀ ਜਾ ਰਹੀ ਠੱਗੀ, ਸਸਤੇ ਸਾਮਾਨ ਦੇ ਚੱਕਰ 'ਚ ਲੱਗ ਰਿਹਾ ਲੱਖਾਂ ਦਾ ਚੂਨਾ

ਸਾਈਬਰ ਠੱਗਾਂ ਨੇ ਹੁਣ ਲੋਕਾਂ ਨੂੰ ਲੁੱਟਣ ਲਈ ਇੱਕ ਨਵਾਂ ਅਤੇ ਹੈਰਾਨੀਜਨਕ ਤਰੀਕਾ ਅਪਣਾਇਆ ਹੈ। ਬੈਂਗਲੁਰੂ ਵਿੱਚ ਠੱਗਾਂ ਨੇ ਇਲੈਕਟ੍ਰਾਨਿਕ ਸਿਟੀ ਦੇ ਡੀਸੀਪੀ (DCP) ਐੱਮ. ਨਾਰਾਇਣ ਦੇ ਨਾਮ 'ਤੇ ਇੱਕ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਫਰਜ਼ੀ ਅਕਾਊਂਟ ਰਾਹੀਂ ਲੋਕਾਂ ਨੂੰ ਬਹੁਤ ਹੀ ਸਸਤੇ ਰੇਟਾਂ 'ਤੇ ਘਰੇਲੂ ਸਾਮਾਨ ਵੇਚਣ ਦਾ ਲਾਲਚ ਦਿੱਤਾ ਜਾ ਰਿਹਾ ਹੈ।
ਬੈਂਗਲੁਰੂ : ਸਾਈਬਰ ਠੱਗਾਂ ਨੇ ਹੁਣ ਲੋਕਾਂ ਨੂੰ ਲੁੱਟਣ ਲਈ ਇੱਕ ਨਵਾਂ ਅਤੇ ਹੈਰਾਨੀਜਨਕ ਤਰੀਕਾ ਅਪਣਾਇਆ ਹੈ। ਬੈਂਗਲੁਰੂ ਵਿੱਚ ਠੱਗਾਂ ਨੇ ਇਲੈਕਟ੍ਰਾਨਿਕ ਸਿਟੀ ਦੇ ਡੀਸੀਪੀ (DCP) ਐੱਮ. ਨਾਰਾਇਣ ਦੇ ਨਾਮ 'ਤੇ ਇੱਕ ਫਰਜ਼ੀ ਫੇਸਬੁੱਕ ਅਕਾਊਂਟ ਬਣਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਫਰਜ਼ੀ ਅਕਾਊਂਟ ਰਾਹੀਂ ਲੋਕਾਂ ਨੂੰ ਬਹੁਤ ਹੀ ਸਸਤੇ ਰੇਟਾਂ 'ਤੇ ਘਰੇਲੂ ਸਾਮਾਨ ਵੇਚਣ ਦਾ ਲਾਲਚ ਦਿੱਤਾ ਜਾ ਰਿਹਾ ਹੈ।

ਫੌਜ ਤੇ ਪੁਲਿਸ ਮੁਲਾਜ਼ਮਾਂ ਦੀ ਬਦਲੀ ਦਾ ਮਾਰਦੇ ਸਨ ਝੂਠ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਠੱਗ ਫੇਸਬੁੱਕ 'ਤੇ ਪੋਸਟਾਂ ਪਾ ਕੇ ਇਹ ਦਾਅਵਾ ਕਰਦੇ ਸਨ ਕਿ ਇਹ ਸਾਮਾਨ ਫੌਜ, ਸੀਆਰਪੀਐੱਫ (CRPF) ਜਾਂ ਉਨ੍ਹਾਂ ਪੁਲਿਸ ਮੁਲਾਜ਼ਮਾਂ ਦਾ ਹੈ ਜਿਨ੍ਹਾਂ ਦੀ ਬਦਲੀ (ਟ੍ਰਾਂਸਫਰ) ਹੋ ਚੁੱਕੀ ਹੈ। ਉਹ ਕਹਿੰਦੇ ਸਨ ਕਿ ਮੁਲਾਜ਼ਮ ਦੂਜੇ ਸ਼ਹਿਰ ਜਾਣ ਕਾਰਨ ਆਪਣਾ ਘਰੇਲੂ ਸਾਮਾਨ ਜਲਦੀ ਅਤੇ ਸਸਤੇ ਵਿੱਚ ਵੇਚਣਾ ਚਾਹੁੰਦੇ ਹਨ। ਸਸਤੇ ਸਾਮਾਨ ਦੇ ਲਾਲਚ ਵਿੱਚ ਆ ਕੇ ਲੋਕ ਇਨ੍ਹਾਂ ਠੱਗਾਂ ਦੇ ਜਾਲ ਵਿੱਚ ਫਸ ਜਾਂਦੇ ਸਨ।

ਪੈਸੇ ਲੈਂਦੇ ਹੀ ਮੋਬਾਈਲ ਕਰ ਲੈਂਦੇ ਸਨ ਬੰਦ
ਜਦੋਂ ਕੋਈ ਗਾਹਕ ਸਾਮਾਨ ਖਰੀਦਣ ਲਈ ਸਹਿਮਤ ਹੁੰਦਾ ਸੀ ਤਾਂ ਉਸ ਨੂੰ ‘ਟੋਕਨ ਮਨੀ’ ਜਾਂ ਐਡਵਾਂਸ ਪੇਮੈਂਟ ਦੇ ਨਾਮ 'ਤੇ ਆਨਲਾਈਨ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ ਜਾਂਦਾ ਸੀ। ਜਿਵੇਂ ਹੀ ਪੈਸੇ ਠੱਗਾਂ ਦੇ ਖਾਤੇ ਵਿੱਚ ਪਹੁੰਚਦੇ ਸਨ, ਉਹ ਆਪਣਾ ਮੋਬਾਈਲ ਫ਼ੋਨ ਬੰਦ ਕਰ ਲੈਂਦੇ ਸਨ ਅਤੇ ਪੀੜਤ ਨਾਲ ਹਰ ਤਰ੍ਹਾਂ ਦਾ ਸੰਪਰਕ ਖ਼ਤਮ ਕਰ ਦਿੰਦੇ ਸਨ।

ਡੀਸੀਪੀ ਨੇ ਜਾਰੀ ਕੀਤੀ ਚਿਤਾਵਨੀ
ਖ਼ੁਦ ਦੇ ਨਾਮ 'ਤੇ ਹੋ ਰਹੀ ਇਸ ਠੱਗੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਡੀਸੀਪੀ ਐੱਮ. ਨਾਰਾਇਣ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਵੀ ਸਾਮਾਨ ਨਹੀਂ ਵੇਚਿਆ ਜਾ ਰਿਹਾ ਅਤੇ ਨਾ ਹੀ ਉਹ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਜਿਹੀ ਕੋਈ ਪੇਸ਼ਕਸ਼ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਹੇਬਾਗੋਡੀ, ਵਿਜੇਪੁਰਾ ਅਤੇ ਕੋਲਾਰ ਵਰਗੀਆਂ ਥਾਵਾਂ 'ਤੇ ਇਸ ਸਬੰਧੀ ਮਾਮਲੇ ਦਰਜ ਕੀਤੇ ਗਏ ਹਨ।

ਬਚਾਅ ਲਈ ਪੁਲਿਸ ਦੇ ਸੁਝਾਅ
ਸੋਸ਼ਲ ਮੀਡੀਆ 'ਤੇ ਮਿਲਣ ਵਾਲੇ ਬਹੁਤ ਜ਼ਿਆਦਾ ਸਸਤੇ ਆਫਰਾਂ ਤੋਂ ਬਚੋ।
ਸਾਮਾਨ ਨੂੰ ਖ਼ੁਦ ਦੇਖਣ ਅਤੇ ਪੂਰੀ ਤਰ੍ਹਾਂ ਪਰਖਣ ਤੋਂ ਪਹਿਲਾਂ ਕਦੇ ਵੀ ਐਡਵਾਂਸ ਪੇਮੈਂਟ ਨਾ ਕਰੋ।
ਸੋਸ਼ਲ ਮੀਡੀਆ ਪ੍ਰੋਫਾਈਲ ਦੀ ਅਸਲੀਅਤ ਦੀ ਜਾਂਚ ਜ਼ਰੂਰ ਕਰੋ।
ਠੱਗੀ ਹੋਣ ਦੀ ਸੂਰਤ ਵਿੱਚ ਤੁਰੰਤ ਪੁਲਿਸ ਸਟੇਸ਼ਨ ਜਾ ਕੇ ਸ਼ਿਕਾਇਤ ਦਰਜ ਕਰਵਾਓ।