ਸਾਵਧਾਨ! ਪ੍ਰਦੂਸ਼ਣ ਕਾਰਨ ਅਣਜੰਮੇ ਬੱਚਿਆਂ 'ਚ ਵਧ ਰਿਹਾ ਹੈ ਡਿਪ੍ਰੈਸ਼ਨ ਤੇ ਐਂਗਜ਼ਾਇਟੀ ਦਾ ਖਤਰਾ

ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹਵਾ ਦੀ ਖਰਾਬ ਗੁਣਵੱਤਾ ਹੁਣ ਸਿਰਫ਼ ਬਾਲਗਾਂ ਅਤੇ ਬਜ਼ੁਰਗਾਂ ਲਈ ਹੀ ਨਹੀਂ, ਸਗੋਂ ਅਣਜੰਮੇ ਬੱਚਿਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ। ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੇ ਡਾਕਟਰਾਂ ਦੀ ਇੱਕ ਤਾਜ਼ਾ ਖੋਜ ਵਿੱਚ ਇਹ ਚਿੰਤਾਜਨਕ ਖੁਲਾਸਾ ਹੋਇਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਗਰਭ ਵਿੱਚ ਪਲ ਰਹੇ ਬੱਚਿਆਂ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹਵਾ ਦੀ ਖਰਾਬ ਗੁਣਵੱਤਾ ਹੁਣ ਸਿਰਫ਼ ਬਾਲਗਾਂ ਅਤੇ ਬਜ਼ੁਰਗਾਂ ਲਈ ਹੀ ਨਹੀਂ, ਸਗੋਂ ਅਣਜੰਮੇ ਬੱਚਿਆਂ ਲਈ ਵੀ ਜਾਨਲੇਵਾ ਸਾਬਤ ਹੋ ਰਹੀ ਹੈ। ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੇ ਡਾਕਟਰਾਂ ਦੀ ਇੱਕ ਤਾਜ਼ਾ ਖੋਜ ਵਿੱਚ ਇਹ ਚਿੰਤਾਜਨਕ ਖੁਲਾਸਾ ਹੋਇਆ ਹੈ ਕਿ ਹਵਾ ਪ੍ਰਦੂਸ਼ਣ ਕਾਰਨ ਗਰਭ ਵਿੱਚ ਪਲ ਰਹੇ ਬੱਚਿਆਂ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।

ਪਲੇਸੈਂਟਾ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਪ੍ਰਦੂਸ਼ਣ
ਐਮਜ਼ ਦੇ ਬਾਇਓਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਸੁਭਰਦੀਪ ਕਰਮਾਕਰ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਗਈ ਇਹ ਸਟੱਡੀ ਮੈਡੀਕਲ ਜਰਨਲ 'EMBO Molecular Medicine' ਵਿੱਚ ਪ੍ਰਕਾਸ਼ਿਤ ਹੋਈ ਹੈ। ਖੋਜ ਅਨੁਸਾਰ, ਹਵਾ ਵਿੱਚ ਮੌਜੂਦ ਖ਼ਤਰਨਾਕ ਕਣ (PM2.5 ਅਤੇ PM10) ਗਰਭਵਤੀ ਔਰਤ ਦੇ ਸਰੀਰ ਰਾਹੀਂ ਪਲੇਸੈਂਟਾ (ਗਰਭ ਨਾਲ਼) ਤੱਕ ਪਹੁੰਚ ਕੇ ਉਸ ਨੂੰ ਡੈਮੇਜ ਕਰ ਰਹੇ ਹਨ। ਪਲੇਸੈਂਟਾ ਹੀ ਉਹ ਜ਼ਰੀਆ ਹੈ ਜਿਸ ਰਾਹੀਂ ਬੱਚੇ ਨੂੰ ਆਕਸੀਜਨ ਅਤੇ ਪੋਸ਼ਣ ਮਿਲਦਾ ਹੈ। ਪ੍ਰਦੂਸ਼ਣ ਕਾਰਨ ਇਸ ਵਿੱਚ ਸੋਜ ਆ ਜਾਂਦੀ ਹੈ, ਜਿਸ ਨਾਲ ਬੱਚੇ ਦੇ ਵਿਕਾਸ ਲਈ ਜ਼ਰੂਰੀ IGFBP3 ਪ੍ਰੋਟੀਨ ਬਲਾਕ ਹੋ ਜਾਂਦਾ ਹੈ।

ਬੱਚਿਆਂ 'ਚ ਮਾਨਸਿਕ ਰੋਗਾਂ ਦਾ ਵਧਿਆ ਖਤਰਾ
ਡਾਕਟਰਾਂ ਨੇ ਦਿੱਲੀ (ਵੱਧ ਪ੍ਰਦੂਸ਼ਣ) ਅਤੇ ਝਾਰਖੰਡ ਦੇ ਦੇਵਘਰ (ਘੱਟ ਪ੍ਰਦੂਸ਼ਣ) ਸ਼ਹਿਰਾਂ ਵਿੱਚ ਹੋਈਆਂ ਲਗਭਗ 994 ਡਿਲੀਵਰੀਆਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਨਤੀਜਿਆਂ ਵਿੱਚ ਸਾਹਮਣੇ ਆਇਆ ਕਿ ਪ੍ਰਦੂਸ਼ਿਤ ਹਵਾ ਦੇ ਸੰਪਰਕ ਵਿੱਚ ਰਹਿਣ ਵਾਲੀਆਂ ਮਾਵਾਂ ਦੇ ਬੱਚਿਆਂ ਦਾ ਜਨਮ ਸਮੇਂ ਭਾਰ ਕਾਫ਼ੀ ਘੱਟ ਸੀ। ਇਸ ਤੋਂ ਇਲਾਵਾ, ਇਨ੍ਹਾਂ ਬੱਚਿਆਂ ਵਿੱਚ ਸ਼ਰੀਰਕ ਸੰਤੁਲਨ ਦੀ ਕਮੀ, ਚਿੜਚਿੜਾਪਨ, ਭਾਰੀ ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਵਰਗੇ ਨਿਊਰੋਲੌਜੀਕਲ ਵਿਕਾਰ ਦੇਖੇ ਜਾ ਰਹੇ ਹਨ।

ਵਿਸ਼ਵ ਪੱਧਰੀ ਖੋਜਾਂ ਨੇ ਵੀ ਕੀਤੀ ਪੁਸ਼ਟੀ
ਪ੍ਰਦੂਸ਼ਣ ਦਾ ਇਹ ਖ਼ਤਰਾ ਸਿਰਫ਼ ਭਾਰਤ ਤੱਕ ਸੀਮਤ ਨਹੀਂ ਹੈ। ਕਿੰਗਜ਼ ਕਾਲਜ ਲੰਡਨ ਦੀ ਇੱਕ ਸਟੱਡੀ ਅਨੁਸਾਰ, ਗਰਭ ਅਵਸਥਾ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਟ੍ਰੈਫਿਕ ਪ੍ਰਦੂਸ਼ਣ ਦੇ ਸੰਪਰਕ ਵਿੱਚ ਆਉਣ ਵਾਲੇ ਬੱਚਿਆਂ ਦੇ ਸਿੱਖਣ ਅਤੇ ਸਮਝਣ ਦੀ ਸਮਰੱਥਾ (Cognitive skills) 18 ਮਹੀਨਿਆਂ ਤੋਂ 3 ਸਾਲ ਦੀ ਉਮਰ ਤੱਕ ਕਾਫ਼ੀ ਘੱਟ ਜਾਂਦੀ ਹੈ। ਅਮਰੀਕਾ ਦੀ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਨਾਈਟ੍ਰੋਜਨ ਡਾਈਆਕਸਾਈਡ (NO2) ਅਤੇ PM2.5 ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਵੱਡੀ ਰੁਕਾਵਟ ਬਣ ਰਹੇ ਹਨ।