ਖਤਰਨਾਕ ਨਸਲਾਂ ਦੇ ਕੁੱਤਿਆਂ ’ਤੇ ਪਾਬੰਦੀ, ਹੁਕਮ ਨਾ ਮੰਨੇ ਤਾਂ ਹੋਵੇਗੀ ਕਾਰਵਾਈ!

ਇਹ ਪਾਬੰਦੀ ਚੰਡੀਗੜ੍ਹ ਪੈੱਟ ਐਂਡ ਕਮਿਊਨਿਟੀ ਡੌਗ ਬਾਇਲਾਜ਼ ਦੇ ਤਹਿਤ ਲਾਈ ਗਈ ਹੈ। ਨਵੇਂ ਨਿਯਮਾਂ ਤਹਿਤ ਨਗਰ ਨਿਗਮ 'ਚ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਇਸ ਦੇ ਲਈ 500 ਰੁਪਏ ਦੇਣੇ ਪੈਣਗੇ।
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਨਿਵਾਸੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਖਤਰਨਾਕ ਮੰਨੀਆਂ ਜਾਣ ਵਾਲੀਆਂ ਕੁੱਤਿਆਂ ਦੀਆਂ ਨਸਲਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਹੁਣ ਅਮਰੀਕਨ ਬੁੱਲ ਡੌਗ, ਅਮਰੀਕਨ ਪਿਟਬੁੱਲ, ਪਿਟਬੁੱਲ ਟੈਰੀਅਰ, ਬੁੱਲ ਟੈਰੀਅਰ, ਕੇਨ ਕੋਰਸੋ, ਡੋਗੋ ਅਰਜਨਟੀਨੋ ਅਤੇ ਰੋਟਵੀਲਰ ਜਿਹੇ ਕੁੱਤੇ ਚੰਡੀਗੜ੍ਹ ਵਿੱਚ ਨਾ ਤਾਂ ਪਾਲੇ ਜਾ ਸਕਣਗੇ ਅਤੇ ਨਾ ਹੀ ਉਹਨਾਂ ਦੀ ਖਰੀਦ-ਫ਼ਰੋਖ਼ਤ ਹੋਵੇਗੀ।

ਇਹ ਪਾਬੰਦੀ ਚੰਡੀਗੜ੍ਹ ਪੈੱਟ ਐਂਡ ਕਮਿਊਨਿਟੀ ਡੌਗ ਬਾਇਲਾਜ਼ ਦੇ ਤਹਿਤ ਲਾਈ ਗਈ ਹੈ। ਨਵੇਂ ਨਿਯਮਾਂ ਤਹਿਤ ਨਗਰ ਨਿਗਮ 'ਚ ਪਾਲਤੂ ਕੁੱਤਿਆਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ ਅਤੇ ਇਸ ਦੇ ਲਈ 500 ਰੁਪਏ ਦੇਣੇ ਪੈਣਗੇ। ਹਰ 5 ਸਾਲ ਬਾਅਦ ਕੁੱਤਿਆਂ ਦੀ ਰਜਿਸਟ੍ਰੇਸ਼ਨ ਰਿਨਿਊ ਹੋਵੇਗੀ। ਇਸ ਤੋਂ ਇਲਾਵਾ ਰੋਜ਼ ਗਾਰਡਨ, ਰਾਕ ਗਾਰਡਨ, ਸ਼ਿਵਾਲਿਕ ਗਾਰਡਨ, ਜਾਪਾਨੀ ਪਾਰਕ, ਬੋਟੈਨੀਕਲ ਪਾਰਕ ਅਤੇ ਨਿਗਰ ਨਿਗਮ ਨਾਲ ਸਬੰਧਿਤ ਪਾਰਕਾਂ 'ਚ ਕੁੱਤਿਆਂ ਦੇ ਦਾਖ਼ਲੇ 'ਤੇ ਪਾਬੰਦੀ ਲਾਈ ਗਈ ਹੈ। ਨਿਰਧਾਰਿਤ ਥਾਵਾਂ 'ਤੇ ਹੀ ਕੁੱਤਿਆਂ ਨੂੰ ਖਾਣਾ ਪਾਇਆ ਜਾ ਸਕੇਗਾ। ਕੁੱਤਿਆਂ ਨੂੰ ਇੱਧਰ-ਉੱਧਰ ਖਾਣਾ ਪਾਉਣ 'ਤੇ 10 ਹਜ਼ਾਰ ਰੁਪਏ ਜੁਰਮਾਨਾ ਹੋਵੇਗਾ। ਜੇਕਰ ਗੁਆਂਢੀ ਨੂੰ ਇਤਰਾਜ਼ ਹੈ ਤਾਂ ਉਸ ਦੇ ਘਰ ਬਾਹਰ ਕੁੱਤਾ ਨਹੀਂ ਘੁੰਮਾ ਸਕੋਗੇ।

ਚੰਡੀਗੜ੍ਹ ਮਿਊਂਸਪਲ ਕਾਰਪੋਰੇਸ਼ਨ ਨੇ ਇਹ ਫੈਸਲਾ ਸ਼ਹਿਰ ਵਿੱਚ ਵੱਧ ਰਹੀਆਂ ਡੌਗ ਅਟੈਕ ਘਟਨਾਵਾਂ ਨੂੰ ਦੇਖਦੇ ਹੋਏ ਲਿਆ ਹੈ। ਹੁਣ ਜੋ ਵੀ ਨਿਵਾਸੀ ਇਹਨਾਂ ਨਸਲਾਂ ਦੇ ਕੁੱਤੇ ਰੱਖਦਾ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪਹਿਲਾਂ ਤੋਂ ਇਹ ਨਸਲ ਦੇ ਕੁੱਤੇ ਰੱਖਣ ਵਾਲੇ ਮਾਲਕਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣਿਆਂ ਕੁੱਤਿਆਂ ਨੂੰ ਘਰ ਤੋਂ ਬਾਹਰ ਨਾ ਲੈ ਕੇ ਜਾਣ ਅਤੇ ਉਨ੍ਹਾਂ ਦੀ ਸੁਰੱਖਿਅਤ ਹਿਫਾਜ਼ਤ ਕਰਨ। ਨਾਲ ਹੀ, ਉਹਨਾਂ ਨੂੰ ਮਿਊਂਸਪਲ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕਰਨਾ ਹੋਵੇਗਾ।


ਪਿਛਲੇ ਕੁਝ ਮਹੀਨਿਆਂ ਵਿੱਚ ਚੰਡੀਗੜ੍ਹ ਤੇ ਇਸਦੇ ਆਲੇ-ਦੁਆਲੇ ਖੇਤਰਾਂ ਵਿੱਚ ਅਜਿਹੇ ਕੁੱਤਿਆਂ ਵੱਲੋਂ ਕਈ ਵਾਰ ਲੋਕਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਸਾਹਮਣੇ ਆਏ ਸਨ। ਇਸ ਕਰਕੇ ਲੋਕਾਂ ਵਿੱਚ ਡਰ ਦਾ ਮਾਹੌਲ ਸੀ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਪਾਬੰਦੀ ਲਗਾਈ ਗਈ ਹੈ।