ਮੂਸੇਵਾਲਾ ਕਤਲ ਦਾ ਦਾਅਵਾ ਕਰਕੇ ਕਬੱਡੀ ਖਿਡਾਰੀ ’ਤੇ ਹਮਲਾ: ਬੰਬੀਹਾ ਗੈਂਗ ਨੇ ਲਈ ਜ਼ਿੰਮੇਵਾਰੀ, ਵੱਡਾ ਖੁਲਾਸਾ

ਪੰਜਾਬ ਦੇ ਮੋਹਾਲੀ ਵਿੱਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰਿਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਘਟਨਾ ਨੇ ਸੂਬੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਲਈ ਗਈ ਹੈ

ਪੰਜਾਬ ਦੇ ਮੋਹਾਲੀ ਵਿੱਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰਿਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦੀ ਘਟਨਾ ਨੇ ਸੂਬੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇਸ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਵੱਲੋਂ ਲਈ ਗਈ ਹੈ, ਜਿਸ ਨੇ ਸੋਸ਼ਲ ਮੀਡੀਆ ’ਤੇ ਜਾਰੀ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਇਹ ਹੱਤਿਆ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦਾ ਬਦਲਾ ਲੈਣ ਲਈ ਕੀਤੀ ਗਈ ਹੈ।

ਕਬੱਡੀ ਟੂਰਨਾਮੈਂਟ ਦੌਰਾਨ ਹਮਲਾ
ਇਹ ਘਟਨਾ ਸੋਮਵਾਰ ਨੂੰ ਮੋਹਾਲੀ ਦੇ ਸੋਹਾਣਾ ਸਾਹਿਬ ਕਬੱਡੀ ਕੱਪ ਦੌਰਾਨ ਵਾਪਰੀ। ਜਾਣਕਾਰੀ ਮੁਤਾਬਕ ਬਾਈਕ ਅਤੇ ਬੋਲੈਰੋ ਕਾਰ ’ਤੇ ਸਵਾਰ ਹਮਲਾਵਰ ਮੈਦਾਨ ਵਿੱਚ ਪਹੁੰਚੇ ਅਤੇ ਅਚਾਨਕ ਫਾਇਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਾਚੌਰਿਆ ਦੇ ਨੇੜੇ ਆਏ ਅਤੇ ਇਸੇ ਦੌਰਾਨ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਸਿਰ ਵਿੱਚ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

ਇਸ ਟੂਰਨਾਮੈਂਟ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਪਹੁੰਚਣ ਦੀ ਵੀ ਉਮੀਦ ਸੀ, ਪਰ ਉਨ੍ਹਾਂ ਦੇ ਆਉਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਹੀ ਇਹ ਹਮਲਾ ਹੋ ਗਿਆ।

ਬੰਬੀਹਾ ਗੈਂਗ ਦਾ ਦਾਅਵਾ
ਬੰਬੀਹਾ ਗੈਂਗ ਨੇ ਆਪਣੇ ਬਿਆਨ ਵਿੱਚ ਦੋਸ਼ ਲਗਾਇਆ ਹੈ ਕਿ ਰਾਣਾ ਬਲਾਚੌਰਿਆ ਉਨ੍ਹਾਂ ਦੇ ਵਿਰੋਧੀ ਗੈਂਗ ਜੱਗੂ ਖੋਤੀ ਅਤੇ ਲਾਰੈਂਸ ਬਿਸ਼ਨੋਈ ਦਾ ਸਮਰਥਨ ਕਰਦਾ ਸੀ। ਗੈਂਗ ਦਾ ਕਹਿਣਾ ਹੈ ਕਿ ਬਲਾਚੌਰਿਆ ਨੇ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਪਨਾਹ ਦਿੱਤੀ, ਉਨ੍ਹਾਂ ਦੀ ਦੇਖਭਾਲ ਕੀਤੀ ਅਤੇ ਰਹਿਣ ਲਈ ਥਾਂ ਵੀ ਮੁਹੱਈਆ ਕਰਵਾਈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ “ਰਾਣਾ ਬਲਾਚੌਰਿਆ ਨੂੰ ਮਾਰ ਕੇ ਅਸੀਂ ਆਪਣੇ ਭਾਈ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਬਦਲਾ ਲਿਆ ਹੈ।”

ਇਸ ਦੇ ਨਾਲ ਹੀ ਗੈਂਗ ਨੇ ਕਬੱਡੀ ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਧਮਕੀ ਭਰੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਕੋਈ ਵੀ ਜੱਗੂ ਖੋਤੀ ਅਤੇ ਹੈਰੀ ਟੌਟ ਦੀ ਟੀਮ ਵੱਲੋਂ ਨਾ ਖੇਡੇ। ਗੈਂਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਬੱਡੀ ਨਾਲ ਕੋਈ ਵਿਰੋਧ ਨਹੀਂ, ਪਰ ਉਹ ਜੱਗੂ ਅਤੇ ਹੈਰੀ ਨਾਲ ਜੁੜੇ ਲੋਕਾਂ ਦੀ ਕਬੱਡੀ ਵਿੱਚ ਸ਼ਮੂਲੀਅਤ ਬਰਦਾਸ਼ਤ ਨਹੀਂ ਕਰਨਗੇ।

ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਤਲਾਸ਼ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।