ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲਾ, ਦੋਸ਼ੀ ਗ੍ਰਿਫ਼ਤਾਰ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਬੁੱਧਵਾਰ ਨੂੰ ਹਫਤਾਵਾਰੀ ਜਨਤਕ ਸੁਣਵਾਈ ਦੌਰਾਨ ਹਮਲਾ ਕੀਤਾ ਗਿਆ। ਇਹ ਘਟਨਾ ਮੁੱਖ ਮੰਤਰੀ ਨਿਵਾਸ 'ਤੇ ਜਨਤਕ ਸੁਣਵਾਈ ਦੌਰਾਨ ਵਾਪਰੀ।

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਬੁੱਧਵਾਰ ਨੂੰ ਹਫਤਾਵਾਰੀ ਜਨਤਕ ਸੁਣਵਾਈ ਦੌਰਾਨ ਹਮਲਾ ਕੀਤਾ ਗਿਆ। ਇਹ ਘਟਨਾ ਮੁੱਖ ਮੰਤਰੀ ਨਿਵਾਸ 'ਤੇ ਜਨਤਕ ਸੁਣਵਾਈ ਦੌਰਾਨ ਵਾਪਰੀ। ਦੋਸ਼ੀ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨਿਵਾਸ ਦੇ ਅਧਿਕਾਰੀਆਂ ਅਨੁਸਾਰ ਜਦੋਂ ਮੁੱਖ ਮੰਤਰੀ ਜਨਤਕ ਸੁਣਵਾਈ ਕਰ ਰਹੇ ਸਨ ਤਾਂ ਇੱਕ ਵਿਅਕਤੀ ਆਪਣੀ ਸ਼ਿਕਾਇਤ ਲੈ ਕੇ ਉੱਥੇ ਪਹੁੰਚਿਆ। ਇਸ ਦੌਰਾਨ ਉਸ ਨੇ ਮੁੱਖ ਮੰਤਰੀ ਨੂੰ ਥੱਪੜ ਮਾਰ ਦਿੱਤਾ। ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦੋਸ਼ੀ ਨੂੰ ਸਿਵਲ ਲਾਈਨਜ਼ ਪੁਲਸ ਸਟੇਸ਼ਨ ਲਿਜਾਇਆ ਗਿਆ ਹੈ।ਦਿੱਲੀ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਨੇ ਇਹ ਵੀ ਕਿਹਾ ਕਿ ਇੱਕ ਵਿਅਕਤੀ ਜਨਤਕ ਸੁਣਵਾਈ ਦੇ ਬਹਾਨੇ ਸੀਐਮ ਗੁਪਤਾ ਕੋਲ ਪਹੁੰਚਿਆ। ਉਸ ਨੇ ਪਹਿਲਾਂ ਮੁੱਖ ਮੰਤਰੀ ਨੂੰ ਕੁਝ ਕਾਗਜ਼ ਦਿੱਤੇ, ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਥੱਪੜ ਮਾਰ ਦਿੱਤਾ।

ਹਮਲੇ 'ਤੇ ਦਿੱਲੀ ਭਾਜਪਾ ਪ੍ਰਧਾਨ ਨੇ ਕੀ ਕਿਹਾ?

ਭਾਰਤੀ ਜਨਤਾ ਪਾਰਟੀ (ਭਾਜਪਾ) ਵਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਦਿੱਲੀ ਪੁਲਸ ਨੇ ਕਿਹਾ ਕਿ ਮੁੱਖ ਮੰਤਰੀ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਇਸ ਘਟਨਾ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ ਲੋਕਤੰਤਰ 'ਤੇ ਹਮਲਾ ਦੱਸਿਆ ਅਤੇ ਕਿਹਾ ਕਿ ਜਨ ਪ੍ਰਤੀਨਿਧੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸਚਦੇਵਾ ਨੇ ਪੂਰੀ ਘਟਨਾ ਦੀ ਜਾਂਚ ਅਤੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦਿੱਲੀ ਦੇ ਮੁੱਖ ਮੰਤਰੀ 'ਤੇ ਹਮਲਾ ਕਰਨ ਵਾਲੇ ਦੋਸ਼ੀ ਵਿਅਕਤੀ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਦਿੱਲੀ ਭਾਜਪਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਭਾਜਪਾ ਨੇਤਾ ਰਮੇਸ਼ ਬਿਧੂਰੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰੇਖਾ ਗੁਪਤਾ 'ਤੇ ਹਮਲਾ ਕਰਨ ਦੀ ਇਹ ਕੋਸ਼ਿਸ਼ ਜਨਤਕ ਸੁਣਵਾਈ ਨੂੰ ਪਟੜੀ ਤੋਂ ਉਤਾਰਨ ਦੇ ਇਰਾਦੇ ਨਾਲ ਕੀਤੀ ਗਈ ਹੈ।

ਭਾਜਪਾ ਨੇਤਾ ਤਜਿੰਦਰ ਬੱਗਾ ਨੇ ਕਿਹਾ ਕਿ ਜਨਤਕ ਸੁਣਵਾਈ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲੇ ਦੀ ਖ਼ਬਰ ਸੁਣ ਕੇ ਮੈਂ ਹੈਰਾਨ ਹਾਂ। ਮੈਂ ਉਨ੍ਹਾਂ ਦੀ ਸੁਰੱਖਿਆ ਅਤੇ ਜਲਦੀ ਸਿਹਤਯਾਬੀ ਦੀ ਕਾਮਨਾ ਕਰਦਾ ਹਾਂ।ਆਮ ਆਦਮੀ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ 'ਤੇ ਹਮਲੇ ਦੀ ਨਿੰਦਾ ਕੀਤੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਨੁਰਾਗ ਢਾਂਡਾ ਨੇ ਕਿਹਾ ਕਿ ਦਿੱਲੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸਾਡੀ ਪਾਰਟੀ ਦਾ ਅਜਿਹੇ ਮਾਮਲਿਆਂ 'ਤੇ ਸਪੱਸ਼ਟ ਸਟੈਂਡ ਹੈ।ਪੁਲਸ ਦਾ ਕਹਿਣਾ ਹੈ ਕਿ ਡਿਪਟੀ ਕਮਿਸ਼ਨਰ ਆਫ਼ ਪੁਲਸ ਮੁੱਖ ਮੰਤਰੀ ਦੇ ਨਿਵਾਸ 'ਤੇ ਪਹੁੰਚ ਗਏ ਹਨ ਅਤੇ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ 'ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ 'ਤੇ ਹਮਲਾ ਨਿੰਦਣਯੋਗ ਹੈ। ਲੋਕਤੰਤਰ 'ਚ ਅਸਹਿਮਤੀ ਅਤੇ ਵਿਰੋਧ ਲਈ ਜਗ੍ਹਾ ਹੁੰਦੀ ਹੈ ਪਰ ਹਿੰਸਾ ਲਈ ਕੋਈ ਜਗ੍ਹਾ ਨਹੀਂ ਹੁੰਦੀ। ਉਮੀਦ ਹੈ ਕਿ ਦਿੱਲੀ ਪੁਲਸ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ। ਉਮੀਦ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਿੱਲੀ ਕਾਂਗਰਸ ਦੇ ਮੁਖੀ ਦੇਵੇਂਦਰ ਯਾਦਵ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਮੁੱਖ ਮੰਤਰੀ ਪੂਰੀ ਦਿੱਲੀ ਦੀ ਨੁਮਾਇੰਦਗੀ ਕਰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਅਜਿਹੀਆਂ ਘਟਨਾਵਾਂ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਪਰ ਇਸ ਘਟਨਾ ਨੇ ਔਰਤਾਂ ਦੀ ਸੁਰੱਖਿਆ ਦੀ ਅਸਲੀਅਤ ਨੂੰ ਉਜਾਗਰ ਕਰ ਦਿੱਤਾ ਹੈ। ਜੇਕਰ ਦਿੱਲੀ ਦੀ ਮੁੱਖ ਮੰਤਰੀ ਸੁਰੱਖਿਅਤ ਨਹੀਂ ਹੈ ਤਾਂ ਰਾਜਧਾਨੀ ਵਿੱਚ ਇੱਕ ਆਮ ਔਰਤ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ?