27 ਅਕਤੂਬਰ ਤੋਂ ਪੰਜਾਬ ਵਿੱਚ ਏਸ਼ੀਆਈ ਹਾਕੀ ਚੈਂਪਿਅਨਸ਼ਿਪ ਹੋਵੇਗੀ ਸ਼ੁਰੂ: ਨਿਤਿਨ ਕੋਹਲੀ

5 ਨਵੰਬਰ ਤੱਕ ਟੂਰਨਾਮੈਂਟ; ਮੋਹਾਲੀ ਵਿੱਚ ਉਦਘਾਟਨ-ਸਮਾਪਤੀ, ਬਾਕੀ ਮੈਚ ਜਲੰਧਰ ਵਿੱਚ
ਪੰਜਾਬ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਏਸ਼ੀਆਈ ਹਾਕੀ ਚੈਂਪਿਅਨਸ਼ਿਪ ਟਰਾਫੀ ਦਾ ਆਗਾਜ਼ 27 ਅਕਤੂਬਰ ਤੋਂ ਹੋਵੇਗਾ, ਜਦਕਿ ਇਸ ਦਾ ਸਮਾਪਨ 5 ਨਵੰਬਰ ਨੂੰ ਕੀਤਾ ਜਾਵੇਗਾ। ਇਹ ਟੂਰਨਾਮੈਂਟ ਸੂਬੇ ਲਈ ਇਤਿਹਾਸਕ ਮੰਨਿਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਤਿਆਰੀਆਂ ਲਈ ਇੰਸਪੈਕਸ਼ਨ ਟੀਮ ਮੋਹਾਲੀ ਤੋਂ ਜਲੰਧਰ ਪਹੁੰਚੀ ਹੈ। ਟੀਮ ਆਪਣੀ ਰਿਪੋਰਟ ਹਾਕੀ ਇੰਡੀਆ ਨੂੰ ਦੇਵੇਗੀ, ਜਿਸ ਤੋਂ ਬਾਅਦ ਇਹ ਏਸ਼ੀਆਈ ਹਾਕੀ ਮਹਾਸੰਘ ਨੂੰ ਭੇਜੀ ਜਾਵੇਗੀ ਅਤੇ ਅੰਤਿਮ ਤਰੀਖਾਂ ਦਾ ਐਲਾਨ ਕੀਤਾ ਜਾਵੇਗਾ।

ਕੋਹਲੀ ਨੇ ਦੱਸਿਆ ਕਿ ਟੂਰਨਾਮੈਂਟ ਦੇ ਉਦਘਾਟਨ ਅਤੇ ਸਮਾਪਤੀ ਮੈਚ ਮੋਹਾਲੀ ਦੇ ਸਟੇਡੀਅਮ ਵਿੱਚ ਖੇਡੇ ਜਾਣਗੇ, ਜਦਕਿ ਬਾਕੀ ਸਾਰੇ ਮੈਚ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ (ਬਰਲਟਨ ਪਾਰਕ) ਵਿੱਚ ਹੋਣਗੇ।

ਉਨ੍ਹਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਰਤ, ਪਾਕਿਸਤਾਨ, ਚੀਨ, ਕੋਰੀਆ, ਜਪਾਨ ਅਤੇ ਮਲੇਸ਼ੀਆ ਸਮੇਤ ਕਈ ਵੱਡੀਆਂ ਟੀਮਾਂ ਭਾਗ ਲੈਣਗੀਆਂ, ਜਦਕਿ ਹੋਰ ਟੀਮਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਵੀ ਹੈ।

ਇੰਸਪੈਕਸ਼ਨ ਦੌਰਾਨ ਹਾਕੀ ਇੰਡੀਆ ਦੇ ਡਾਇਰੈਕਟਰ (ਓਪਰੇਸ਼ਨ) ਵਿਕਰਮ ਸਿੰਘ, ਓਲੰਪਿਅਨ ਹਾਕੀ ਖਿਡਾਰੀ ਅਤੇ ਪੰਜਾਬ ਖੇਡ ਵਿਭਾਗ ਦੇ ਸਹਾਇਕ ਡਾਇਰੈਕਟਰ ਗੁਰਜੰਟ ਸਿੰਘ, ਜਲੰਧਰ ਦੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਹਰਮੀਕ ਸਿੰਘ ਪਵਾਰ, ਸੰਜੀਵ ਕੁਮਾਰ ਸਮੇਤ ਹੋਰ ਅਧਿਕਾਰੀ ਸੁਰਜੀਤ ਹਾਕੀ ਸਟੇਡੀਅਮ ਪਹੁੰਚੇ। ਇਸ ਦੌਰਾਨ ਸਟੇਡੀਅਮ ਦੀਆਂ ਤਿਆਰੀਆਂ ਅਤੇ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ।

ਕੋਹਲੀ ਨੇ ਦੱਸਿਆ ਕਿ ਟੂਰਨਾਮੈਂਟ ਤੋਂ ਪਹਿਲਾਂ ਸਟੇਡੀਅਮ ਦੀ ਸੂਰਤ ਪੂਰੀ ਤਰ੍ਹਾਂ ਬਦਲੀ ਜਾਵੇਗੀ ਅਤੇ ਖਿਡਾਰੀਆਂ ਦੀ ਪ੍ਰੈਕਟਿਸ ਲਈ ਵੱਖਰਾ ਮੈਦਾਨ ਵੀ ਤਿਆਰ ਕੀਤਾ ਜਾ ਰਿਹਾ ਹੈ। ਇੰਸਪੈਕਸ਼ਨ ਰਿਪੋਰਟ 2 ਤੋਂ 3 ਦਿਨਾਂ ਵਿੱਚ ਆਉਣ ਦੀ ਉਮੀਦ ਹੈ।

ਉਨ੍ਹਾਂ ਕਿਹਾ ਕਿ ਬਰਲਟਨ ਪਾਰਕ ਦਾ ਕੰਮ ਅੰਤਿਮ ਪੜਾਅ ਵਿੱਚ ਹੈ ਅਤੇ 70 ਤੋਂ 80 ਕਰੋੜ ਰੁਪਏ ਦੇ ਇਸ ਪ੍ਰੋਜੈਕਟ ਦਾ ਉਦਘਾਟਨ ਵੀ ਟੂਰਨਾਮੈਂਟ ਦੇ ਨਾਲ ਕਰਨ ਦੀ ਯੋਜਨਾ ਹੈ।

ਅੰਤ ਵਿੱਚ, ਨਿਤਿਨ ਕੋਹਲੀ ਨੇ ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕਾ ਇੰਚਾਰਜ ਵਜੋਂ ਕਿਹਾ ਕਿ ਪੰਜਾਬ ਸਰਕਾਰ ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੂਬੇ ਨੂੰ ਅੰਤਰਰਾਸ਼ਟਰੀ ਖੇਡ ਮੰਚ ‘ਤੇ ਨਵੀਂ ਪਹਿਚਾਣ ਦਿਵਾਉਣ ਲਈ ਕੰਮ ਕਰ ਰਹੀ ਹੈ।