Asia Cup 'ਚ ਇਕ ਵਾਰ ਫਿਰ ਭਿੜਨਗੇ ਭਾਰਤ-ਪਾਕਿਸਤਾਨ, ਇਸ ਤਰੀਕ ਨੂੰ ਹੋਵੇਗਾ ਮੈਚ

ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਨੇ ਏਸ਼ੀਆ ਕੱਪ 2025 ਵਿੱਚ ਗਰੁੱਪ ਏ ਤੋਂ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ ਅਤੇ ਉਨ੍ਹਾਂ ਦਾ ਅਗਲਾ ਮੈਚ 21 ਸਤੰਬਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।

ਏਸ਼ੀਆ ਕੱਪ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਗਰੁੱਪ ਪੜਾਅ ਦਾ ਮੈਚ ਸੁਰਖੀਆਂ ਵਿੱਚ ਰਿਹਾ ਪਰ ਇਸ ਤੋਂ ਵੀ ਵੱਧ ਚਰਚਾ ਮੈਚ ਤੋਂ ਬਾਅਦ ਹੋਈ ਸੀ। ਭਾਰਤੀ ਟੀਮ ਨੇ ਗਰੁੱਪ ਪੜਾਅ ਦੇ ਮੈਚ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਦੋਵਾਂ ਦੇਸ਼ਾਂ ਤਿੱਖੀ ਬਹਿਸ ਛਿੜ ਗਈ। ਇਸ ਘਟਨਾ ਤੋਂ ਬਾਅਦ, ਪਾਕਿਸਤਾਨ ਨੇ ਟੂਰਨਾਮੈਂਟ ਦਾ ਬਾਈਕਾਟ ਕਰਨ ਦੀ ਧਮਕੀ ਵੀ ਦਿੱਤੀ, ਜਿਸ ਨਾਲ ਯੂਏਈ-ਪਾਕਿਸਤਾਨ ਮੈਚ ਸ਼ੁਰੂ ਹੋਣ ਵਿੱਚ ਦੇਰੀ ਹੋ ਗਈ। ਇਹ ਵਿਵਾਦ ਅਜੇ ਸ਼ਾਂਤ ਨਹੀਂ ਹੋਇਆ ਹੈ ਅਤੇ ਹੁਣ ਦੋਵੇਂ ਟੀਮਾਂ ਇੱਕ ਵਾਰ ਫਿਰ ਇੱਕ ਦੂਜੇ ਦੇ ਸਾਹਮਣੇ ਹੋਣ ਲਈ ਤਿਆਰ ਹਨ।

ਇੱਕ ਵਾਰ ਫਿਰ ਹੋਵੇਗਾ ਭਾਰਤ-ਪਾਕਿਸਤਾਨ ਮੈਚ

ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਨੇ ਏਸ਼ੀਆ ਕੱਪ 2025 ਵਿੱਚ ਗਰੁੱਪ ਏ ਤੋਂ ਸੁਪਰ-4 ਲਈ ਕੁਆਲੀਫਾਈ ਕਰ ਲਿਆ ਹੈ ਅਤੇ ਉਨ੍ਹਾਂ ਦਾ ਅਗਲਾ ਮੈਚ 21 ਸਤੰਬਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਗਰੁੱਪ ਏ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੁਪਰ-4 ਲਈ ਕੁਆਲੀਫਾਈ ਕੀਤਾ। ਇਸ ਦੌਰਾਨ ਪਾਕਿਸਤਾਨ ਅਗਲੇ ਦੌਰ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। ਟੀਮ ਇੰਡੀਆ ਨੇ ਹੁਣ ਤੱਕ ਗਰੁੱਪ ਪੜਾਅ ਵਿੱਚ ਦੋ ਮੈਚ ਖੇਡੇ ਹਨ ਅਤੇ ਦੋਵੇਂ ਮੈਚਾਂ 'ਚ ਜਿੱਤ ਦਰਜ ਕਰਕੇ ਉਹ ਟਾਪ 'ਤੇ ਹੈ ਅਤੇ ਟਾਪ 'ਤੇ ਹੀ ਰਹੇਗੀ।

ਦਰਅਸਲ, ਪਾਕਿਸਤਾਨ ਦੇ ਗਰੁੱਪ-ਪੜਾਅ ਦੇ ਮੈਚ ਪੂਰੇ ਹੋ ਗਏ ਹਨ। ਉਨ੍ਹਾਂ ਨੇ ਆਪਣੇ ਤਿੰਨ ਮੈਚਾਂ ਵਿੱਚੋਂ ਦੋ ਜਿੱਤੇ ਅਤੇ ਇੱਕ ਹਾਰ ਗਿਆ, ਜਿਸ ਨਾਲ ਉਹ ਚਾਰ ਅੰਕਾਂ ਨਾਲ ਦੂਜੇ ਸਥਾਨ 'ਤੇ ਰਹਿ ਗਿਆ। ਯੂਏਈ ਦੀ ਮੁਹਿੰਮ ਵੀ ਖਤਮ ਹੋ ਗਈ ਹੈ, ਉਸਨੇ ਆਪਣੇ ਤਿੰਨ ਮੈਚਾਂ ਵਿੱਚੋਂ ਸਿਰਫ਼ ਇੱਕ ਜਿੱਤਿਆ ਹੈ। ਦੂਜੇ ਪਾਸੇ, ਓਮਾਨ ਨੂੰ ਆਪਣਾ ਆਖਰੀ ਮੈਚ ਭਾਰਤ ਵਿਰੁੱਧ ਖੇਡਣਾ ਹੈ ਪਰ ਉਹ ਪਹਿਲਾਂ ਹੀ ਸੁਪਰ-4 ਦੀ ਦੌੜ ਤੋਂ ਬਾਹਰ ਹੋ ਗਿਆ ਹੈ, ਆਪਣੇ ਦੋਵੇਂ ਸ਼ੁਰੂਆਤੀ ਮੈਚ ਹਾਰ ਗਿਆ ਹੈ।