ਰਿਸ਼ਵਤ ਲੈਣ ਵਾਲੇ ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ, ਵਾਇਰਲ ਵੀਡੀਓ ਮਗਰੋਂ ਹੋਇਆ ਸਸਪੈਂਡ

ਜਲੰਧਰ ਦਿਹਾਤੀ ਪੁਲਸ ਦੇ ਇੱਕ ਏ. ਐੱਸ. ਆਈ. ਵੱਲੋਂ ਟਰੱਕ ਚਾਲਕ ਤੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।
ਜਲੰਧਰ : ਜਲੰਧਰ ਦਿਹਾਤੀ ਪੁਲਸ ਦੇ ਇੱਕ ਏ. ਐੱਸ. ਆਈ. ਵੱਲੋਂ ਟਰੱਕ ਚਾਲਕ ਤੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ, ਜਿਸ ਵਿੱਚ ਉਕਤ ਪੁਲਸ ਮੁਲਾਜ਼ਮ ਰਿਸ਼ਵਤ ਲੈਂਦਾ ਕੈਮਰੇ ਵਿੱਚ ਕੈਦ ਹੋ ਗਿਆ, ਜਿਸ ਕਾਰਨ ਪੁਲਸ ਵਿਭਾਗ ਵਿੱਚ ਖਲਬਲੀ ਮਚ ਗਈ ਹੈ।

ਜਦੋਂ ਇਹ ਮਾਮਲਾ ਐੱਸ. ਐੱਸ. ਪੀ. ਹਰਵਿੰਦਰ ਸਿੰਘ ਵਿਰਕ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਏ. ਐੱਸ. ਆਈ. ਨੂੰ ਸਸਪੈਂਡ ਕਰਕੇ ਪੁਲਸ ਲਾਈਨ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਖਵਿੰਦਰ ਸਿੰਘ, ਪੀ. ਪੀ. ਐੱਸ., ਉਪ ਪੁਲਸ ਕਪਤਾਨ (ਡਿਟੈਕਟਿਵ), ਜਲੰਧਰ ਦਿਹਾਤੀ ਨੂੰ ਸੌਂਪ ਦਿੱਤੀ ਗਈ ਹੈ।

ਕੀ ਹੈ ਪੂਰਾ ਮਾਮਲਾ?
ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਟ੍ਰੈਫਿਕ ਪੁਲਸ ਵਿੱਚ ਤਾਇਨਾਤ ਇਹ ਏ. ਐੱਸ. ਆਈ. ਸੜਕ ਦੇ ਵਿਚਕਾਰ ਇਕੱਲਾ ਹੀ ਬੈਰੀਕੇਡ ਲਗਾ ਕੇ ਨਾਕਾ ਲਾਉਂਦਾ ਹੈ। ਉਸ ਨੇ ਇੱਕ ਟਰੱਕ ਚਾਲਕ ਨੂੰ ਰੋਕਿਆ ਅਤੇ ਗੱਡੀ ਦੇ ਕਾਗਜ਼ਾਤ ਮੰਗ ਕੇ ਉਸ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ। ਵਾਇਰਲ ਵੀਡੀਓ ਦੀ ਆਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏ. ਐੱਸ. ਆਈ. ਨੇ 200 ਰੁਪਏ ਦੀ ਰਿਸ਼ਵਤ ਮੰਗੀ ਸੀ। ਜਿਵੇਂ ਹੀ ਡਰਾਈਵਰ ਨੇ ਉਸ ਨੂੰ ਪੈਸੇ ਫੜਾਏ, ਏ. ਐੱਸ. ਆਈ. ਨੇ ਰੁਪਏ ਆਪਣੀ ਜੇਬ ਵਿੱਚ ਪਾਏ ਅਤੇ ਬੈਰੀਕੇਡ ਹਟਾ ਕੇ ਉੱਥੋਂ ਚਲਾ ਗਿਆ।

ਰਿਟਾਇਰਮੈਂਟ ਤੋਂ ਪਹਿਲਾਂ ਵਧੀਆਂ ਮੁਸ਼ਕਿਲਾਂ
ਦੱਸਿਆ ਜਾ ਰਿਹਾ ਹੈ ਕਿ ਇਹ ਪੁਲਸ ਮੁਲਾਜ਼ਮ ਕੁਝ ਹੀ ਮਹੀਨਿਆਂ ਵਿੱਚ ਰਿਟਾਇਰ ਹੋਣ ਵਾਲਾ ਸੀ। ਪਰ ਹੁਣ ਸਸਪੈਂਸ਼ਨ ਦੇ ਦੌਰਾਨ ਉਸ ਨੂੰ ਸਿਰਫ਼ ਅੱਧੀ ਤਨਖ਼ਾਹ ਹੀ ਮਿਲੇਗੀ। ਪੁਲਸ ਪ੍ਰਸ਼ਾਸਨ ਦੀ ਇਸ ਸਖ਼ਤ ਕਾਰਵਾਈ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਜਨਤਾ ਨੂੰ ਪ੍ਰੇਸ਼ਾਨ ਕਰਨ ਵਾਲੇ ਮੁਲਾਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।