ਤਰਨਤਾਰਨ 'ਚ ਪੁਲਸ ਚੌਕੀ ਇੰਚਾਰਜ ASI ਨੇ ਸਰਵਿਸ ਪਿਸਤੌਲ ਨਾਲ ਕੀਤੀ ਖੁਦਕੁਸ਼ੀ

ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਕੈਰੋਂ ਵਿੱਚ ਸਥਿਤ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਅਮਰਜੀਤ ਸਿੰਘ ਵੱਲੋਂ ਕਥਿਤ ਤੌਰ 'ਤੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪੁਲਸ ਵਿਭਾਗ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਕੈਰੋਂ ਵਿੱਚ ਸਥਿਤ ਪੁਲਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਅਮਰਜੀਤ ਸਿੰਘ ਵੱਲੋਂ ਕਥਿਤ ਤੌਰ 'ਤੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪੁਲਸ ਵਿਭਾਗ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਮ੍ਰਿਤਕ ਏ.ਐੱਸ.ਆਈ. ਅਮਰਜੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਕੈਰੋਂ ਪੁਲਸ ਚੌਕੀ ਵਿੱਚ ਇੰਚਾਰਜ ਵਜੋਂ ਤਾਇਨਾਤ ਸਨ। ਜਾਣਕਾਰੀ ਅਨੁਸਾਰ, ਬੀਤੀ ਦੇਰ ਸ਼ਾਮ ਨਾਕਾਬੰਦੀ ਦੀ ਡਿਊਟੀ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਹੋਰ ਮੁਲਾਜ਼ਮਾਂ ਨਾਲ ਰਾਤ ਦਾ ਖਾਣਾ ਖਾਧਾ ਅਤੇ ਕਰੀਬ 9:30 ਵਜੇ ਆਪਣੇ ਸਰਕਾਰੀ ਕੁਆਰਟਰ ਵਿਚ ਆਰਾਮ ਕਰਨ ਚਲੇ ਗਏ। ਕੁਝ ਸਮੇਂ ਬਾਅਦ ਕਮਰੇ ਵਿੱਚੋਂ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਜਦੋਂ ਸਾਥੀ ਪੁਲਸ ਕਰਮਚਾਰੀ ਅੰਦਰ ਪਹੁੰਚੇ ਤਾਂ ਉਨ੍ਹਾਂ ਨੇ ਅਮਰਜੀਤ ਸਿੰਘ ਨੂੰ ਖੂਨ ਨਾਲ ਲੱਥਪੱਥ ਹਾਲਤ ਵਿੱਚ ਦੇਖਿਆ ਅਤੇ ਉਨ੍ਹਾਂ ਦੀ ਸਰਵਿਸ ਪਿਸਤੌਲ ਕੋਲ ਹੀ ਪਈ ਸੀ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਰਵੀਸ਼ੇਰ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੇ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਖੁਦਕੁਸ਼ੀ ਦੇ ਅਸਲ ਕਾਰਨਾਂ ਬਾਰੇ ਅਜੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਕੁਝ ਸੂਤਰਾਂ ਅਨੁਸਾਰ ਸਟਾਫ਼ ਦੀ ਕਮੀ ਅਤੇ ਕੰਮ ਦੇ ਜ਼ਿਆਦਾ ਬੋਝ ਕਾਰਨ ਉਹ ਪ੍ਰੇਸ਼ਾਨ ਸਨ ਅਤੇ ਪਹਿਲਾਂ ਵੀ ਕਈ ਵਾਰ ਆਪਣੀ ਬਦਲੀ ਦੀ ਮੰਗ ਕਰ ਚੁੱਕੇ ਸਨ।

ਦੱਸ ਦਈਏ ਕਿ ਪੱਟੀ ਇਲਾਕੇ ਵਿਚ ਕੁਝ ਦਿਨਾਂ ਅੰਦਰ ਇਹ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਪੱਟੀ ਅਦਾਲਤ ਵਿੱਚ ਸੁਰੱਖਿਆ ਡਿਊਟੀ 'ਤੇ ਤਾਇਨਾਤ ਏ.ਐੱਸ.ਆਈ. ਗੁਰਮੀਤ ਸਿੰਘ ਨੇ ਵੀ ਖੁਦ ਨੂੰ ਗੋਲੀ ਮਾਰ ਲਈ ਸੀ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਪੁਲਿਸ ਮੁਲਾਜ਼ਮਾਂ ਵਿੱਚ ਵਧ ਰਹੀ ਖੁਦਕੁਸ਼ੀ ਦੀ ਪ੍ਰਵਿਰਤੀ ਨੇ ਮਹਿਕਮੇ ਵਿੱਚ ਡੂੰਘੀ ਚਿੰਤਾ ਪੈਦਾ ਕਰ ਦਿੱਤੀ ਹੈ।